ਰਾਜਨ ਮਾਨ
ਰਮਦਾਸ, 3 ਅਗਸਤ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਸਰਹੱਦੀ ਖੇਤਰ ਦਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਦਿਆਂ ਐਲਾਨ ਕੀਤਾ ਕਿ ਇਸ ਇਲਾਕੇ ਵਿੱਚ ਤਿੰਨ ਸੜਕਾਂ ਅਪਗਰੇਡ ਕੀਤੀਆਂ ਜਾਣਗੀਆਂ, ਜੋ ਕਿ ਬਾਰਡਰ ਇਲਾਕੇ ਦੀ ਲਾਈਫ ਲਾਈਨ ਬਣਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚੋਂ ਇੱਕ ਸੜਕ ਥੋਬੇ ਤੋਂ ਮਲਕਪੁਰ ਹੁੰਦੀ ਹੋਈ ਰੂੜੇਵਾਲ ਨੰਗਲ ਸੋਹਲ ਹੁੰਦੀ ਪਸੀਏ ਤੱਕ ਜਾਵੇਗੀ, ਜਿਸ ਉੱਤੇ 13.50 ਕਰੋੜ ਰੁਪਏ ਦੀ ਲਾਗਤ ਆਵੇਗੀ। ਦੂਸਰੀ ਸੜਕ ਕਮਾਲਪੁਰੇ ਤੋਂ ਥੋਬਾ, ਬਾਠ, ਦਿਆਲ ਭੜੰਗ ਤੱਕ ਜਾਵੇਗੀ, ਜਿਸ ਉੱਤੇ 16.50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਤੀਸਰੀ ਸੜਕ ਭੱਲਾ ਪਿੰਡ ਸੁਧਾਰ ਤੋਂ ਨਾਨੂੰ ਕੇ, ਭੂਰੇ ਗਿੱਲ, ਕੋਟਲਾ ਤੱਕ ਜਾਵੇਗੀ, ਜਿਸ ਉੱਤੇ 16.77 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਲਗਪਗ 43 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕਾਂ ਪੂਰੀਆਂ ਹੋਣਗੀਆਂ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ।
ਉਨ੍ਹਾਂ ਜ਼ਿਕਰ ਕੀਤਾ ਕਿ ਇਸ ਤੋਂ ਇਲਾਵਾ ਰਾਵੀ ਦਰਿਆ ਦੇ ਨਾਲ 78 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਧੁੱਸੀ ਬੰਨ੍ਹ ਵੀ ਆਵਾਜਾਈ ਲਈ ਵਰਤਿਆ ਜਾ ਸਕੇਗਾ। ਧਾਲੀਵਾਲ ਨੇ ਦੱਸਿਆ ਕਿ ਰਮਦਾਸ ਨੂੰ ਬਲਾਕ ਦਾ ਦਰਜਾ ਦਿੱਤਾ ਜਾ ਚੁੱਕਾ ਹੈ ਅਤੇ ਬਲਾਕ ਦਫਤਰ ਦਾ ਅੱਜ ਉਦਘਾਟਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਰਮਦਾਸ ਨੂੰ ਮਾਰਕੀਟ ਕਮੇਟੀ ਦਾ ਦਫਤਰ ਦੇਣ ਉੱਤੇ ਵੀ ਵਿਚਾਰ ਚੱਲ ਰਹੀ ਹੈ ਜਿਸ ਨੂੰ ਛੇਤੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪੀਡਬਲਿਊਡੀ ਦੇ ਐੱਸਈ ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।