ਅਤਿਵਾਦੀਆਂ ਦੀ ਗੋਲੀ ਨਾਲ ਮਾਰੀ ਗਈ ਪ੍ਰਿੰਸੀਪਲ ਤੇ ਅਧਿਆਪਕ ਦਾ ਸਸਕਾਰ

0


ਸ੍ਰੀਨਗਰ, 8 ਅਕਤੂਬਰ

ਇੱਥੇ ਸਕੂਲ ਅੰਦਰ ਅਤਿਵਾਦੀਆਂ ਦੀ ਗੋਲੀ ਕਾਰਨ ਮੌਤ ਦੇ ਮੂੰਹ ਵਿੱਚ ਗਈ ਮਹਿਲਾ ਪ੍ਰਿੰਸੀਪਲ ਤੇ ਅਧਿਆਪਕ ਨੂੰ ਸ਼ੁੱਕਰਵਾਰ ਨੂੰ ਹੰਝੂਆਂ ਭਰੀ ਵਿਦਾਈ ਦਿੱਤੀ ਗਈ। ਇਨ੍ਹਾਂ ਕਤਲਾਂ ਦੇ ਰੋਸ ਵਜੋਂ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਵਿਖਾਵੇ ਕੀਤੇ ਗਏ।   

ਇਸ ਦੌਰਾਨ ਈਦਗਾਹ ਇਲਾਕੇ ਵਿੱਚ ਪੈਂਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਦਾ ਸਸਕਾਰ ਕਰ ਦਿੱਤਾ ਗਿਆ। ਕਰਨ ਨਗਰ ਇਲਾਕੇ ਵਿੱਚ ਸ਼ਮਸ਼ਾਨਘਾਟ ਵਿੱਚ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ। ਅਲੂਚੀ ਬਾਗ ਵਿੱਚ ਸੁਪਿੰਦਰ ਕੌਰ ਦੀ ਰਿਹਾਇਸ਼ ’ਤੇ ਪਹੁੰਚੇ ਸਿੱਖ ਭਾਈਚਾਰੇ ਦੇ ਸੈਂਕੜੇ ਵਿਅਕਤੀਆਂ ਨੇ ਇੱਥੋਂ ਸਟਰੈਚਰ ’ਤੇ ਮ੍ਰਿਤਕ ਦੇਹ ਰੱਖ ਕੇ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਜਹਾਂਗੀਰ ਚੌਕ ਤੋਂ ਅਲੂਚੀ ਬਾਗ ਤੱਕ ਪੈਦਲ ਮਾਰਚ ਕੱਢਿਆ। ਇਸ ਦੌਰਾਨ ਉਹ, ਸਕੂਲ ਵਿੱਚ ਆਪਣੇ ਸਹਿਕਰਮੀ ਦੀਪਕ ਚੰਦ ਨਾਲ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਈ ਅਧਿਆਪਕ ਲਈ ਇਨਸਾਫ਼ ਦੀ ਮੰਗ ਕਰ ਰਹੇ ਸਨ। 

ਦੂਜੇ ਪਾਸੇ ਦੀਪਕ ਚੰਦ ਦਾ ਸਸਕਾਰ ਜੰਮੂ ਵਿੱਚ ਸ਼ਕਤੀਨਗਰ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਚੰਦ ਦੀ ਲਾਸ਼ ਸ੍ਰੀਨਗਰ ਤੋਂ ਉਸ ਦੀ ਪਟੋਲੀ ਰਿਹਾਇਸ਼ ’ਤੇ ਕੱਲ੍ਹ ਅੱਧੀ ਰਾਤ ਪੁੱਜੀ।  ਕਸ਼ਮੀਰ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਕਸ਼ਮੀਰੀ ਪੰਡਿਤ ਸੰਗਠਨ ਨੇ ਕਿਹਾ ਕਿ ਉਨ੍ਹਾਂ ਦੇ ਫਿਰਕੇ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਪ੍ਰਸ਼ਾਸਨ ਨਾਕਾਮ ਸਾਬਤ ਹੋਇਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਘੱਟ ਗਿਣਤੀ ਸਮੁਦਾਇ ਦੇ ਮੁਲਾਜ਼ਮਾਂ ਨੂੰ ਦਸ ਦਿਨਾਂ ਦੀ ਛੁੱਟੀ ਦੇ ਦਿੱਤੀ ਹੈ। ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਸੁਪਿੰਦਰ ਕੌਰ ਦੇ ਘਰ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ। -ਪੀਟੀਆਈ

ਆਈਬੀ ਦੇ ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਸ੍ਰੀਨਗਰ ਪੁੱਜੇ

ਨਵੀਂ ਦਿੱਲੀ (ਆਈਏਐਨਐਸ): ਕਸ਼ਮੀਰ ਵਾਦੀ ਵਿੱਚ ਪਿਛਲੇ ਛੇ ਦਿਨਾਂ ਵਿੱਚ ਹਿੰਦੂਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮੱਦੇਨਜ਼ਰ ਇੰਟੈਲੀਜੈਂਸ ਬਿਊਰੋ ਦੇ ਅਤਿਵਾਦੀ ਵਿਰੋਧੀ ਦਸਤੇ ਦੇ ਮੁਖੀ ਸ਼ੁੱਕਰਵਾਰ ਨੂੰ ਸ੍ਰੀਨਗਰ ਪੁੱਜੇ। ਉਹ ਦਹਿਸ਼ਤਗਰਦਾਂ ਖ਼ਿਲਾਫ਼ ਸੁਰੱਖਿਆ ਬਲਾਂ ਵੱਲੋਂ ਆਰੰਭੇ ਅਪਰੇਸ਼ਨ ਦੀ ਅਗਵਾਈ ਕਰਨਗੇ। ਸੂਤਰਾਂ ਅਨੁਸਾਰ ਕੌਮੀ ਸੁਰੱਖਿਆ ੲੇਜੰਸੀ ਦੀਆਂ ਹੋਰ ਅਤਿਵਾਦ ਵਿਰੋਧੀ ਟੀਮਾਂ ਵੀ ਕੱਲ੍ਹ ਵਾਦੀ ਵਿੱਚ ਪਹੁੰਚ ਗਈਆਂ ਤਾਂ ਜੋ ਜੰਮੂ ਤੇ ਕਸ਼ਮੀਰ ਪੁਲੀਸ ਨੂੰ ਸਹਿਯੋਗ ਦਿੱਤਾ ਜਾ ਸਕੇ। 

‘ਕਸ਼ਮੀਰ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ’

ਸ੍ਰੀਨਗਰ (ਪੀਟੀਆਈ): ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲਰੇਸ਼ਨ (ਪੀਏਜੀਡੀ) ਦੇ ਤਰਜਮਾਨ ਐੱਮ ਵਾਈ ਤਾਰੀਗਾਮੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਹੋਏ ਨਾਗਰਿਕਾਂ ਦੇ ਕਤਲਾਂ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਜਿਹਾ ਮਾਹੌਲ 1990 ਤੋਂ ਬਾਅਦ ਕਸ਼ਮੀਰ ਵਿੱਚ ਕਦੇ ਨਹੀਂ ਦੇਖਿਆ ਗਿਆ। ਇਸ ਹਾਲਾਤ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ।

ਅਧਿਆਪਕਾਂ ਦੇ ਕਤਲ ਦੀ ਜਗੀਰ ਕੌਰ ਵੱਲੋਂ ਨਿਖੇਧੀ

ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀਨਗਰ ’ਚ ਇਕ ਸਕੂਲ ਦੀ ਸਿੱਖ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਕੋਲੋਂ ਜੰਮੂ ਤੇ ਕਸ਼ਮੀਰ ਅੰਦਰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਬੀਤੇ ਦਿਨ ਸ੍ਰੀਨਗਰ ’ਚ ਵਾਪਰੀ ਇਸ ਘਟਨਾ ਨਾਲ ਸਿੱਖਾਂ ਅੰਦਰ ਰੋਸ ਦੀ ਲਹਿਰ ਹੈ ਕਿਉਂਕਿ ਇਸ ਘਟਨਾ ਸਮੇਂ ਸਿੱਖ ਪ੍ਰਿੰਸੀਪਲ ਅਤੇ ਇਕ ਹਿੰਦੂ ਅਧਿਆਪਕ ਨੂੰ ਵੱਖ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀ ਹੱਤਿਆ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਆਖਿਆ ਕਿ ਜੰਮੂ-ਕਸ਼ਮੀਰ ਦੇ ਸਿੱਖਾਂ ਦੀਆਂ ਮੁਸ਼ਕਲਾਂ ਲੈ ਕੇ ਸ਼੍ਰੋਮਣੀ ਕਮੇਟੀ ਛੇਤੀ ਹੀ ਭਾਰਤ ਸਰਕਾਰ ਤੱਕ ਪਹੁੰਚ ਕਰੇਗੀ। ਇਸ ਦੇ ਨਾਲ ਹੀ ਜੰਮੂ ਤੇ ਕਸ਼ਮੀਰ ਵਿੱਚ ਜਾ ਕੇ ਵੀ ਸਿੱਖ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।

ਦੇਸ਼ ਵਿੱਚ ਖੂਨ-ਖਰਾਬੇ ਲਈ ਮੋਦੀ ਸਰਕਾਰ ਜ਼ਿੰਮੇਵਾਰ: ਸੀਪੀਆਈ

ਚੰਡੀਗੜ੍ਹ (ਪੱਤਰ ਪ੍ਰੇਰਕ): ਸ੍ਰੀਨਗਰ ਸਥਿਤ ਸੰਗਮ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦਾ ਅਤਿਵਾਦੀਆਂ ਵੱਲੋਂ ਕਤਲ ਕਰਨ ਦੀ ਘਟਨਾ ’ਤੇ ਸੀਪੀਆਈ ਨੇ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਜੰਮੂ-ਕਸ਼ਮੀਰ ਵਿੱਚ ਹੋ ਰਹੇ ਖੂਨ-ਖਰਾਬੇ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ। ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਕਿ ਮੋਦੀ ਸਰਕਾਰ ਝੂਠੇ ਭਾਸ਼ਣਾਂ ਦਾ ਸਹਾਰਾ ਲੈ ਕੇ ਦੇਸ਼ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਸ੍ਰੀ ਬਰਾੜ ਨੇ ਆਖਿਆ ਕਿ ਇਕ ਪਾਸੇ ਲਗਾਤਾਰ ਕਰਫਿਊ ਵਰਗੇ ਹਾਲਾਤ ਅਤੇ ਦੂਜੇ ਅਤਿਵਾਦੀਆਂ ਦੇ ਹਮਲਿਆਂ ਵਿੱਚ ਜੰਮੂ-ਕਸ਼ਮੀਰ ਦੀ ਜਨਤਾ ਪਿਸ ਰਹੀ ਹੈ। ਅਤਿਵਾਦ ਨੂੰ ਰੋਕਣ ਵਿੱਚ ਨਾ ਤਾਂ ਧਾਰਾ 370 ਦਾ ਖ਼ਾਤਮਾ ਅਤੇ ਨਾ ਹੀ ਨੋਟਬੰਦੀ ਕੰਮ ਆਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤਿਵਾਦ ਰੋਕਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। 


Leave a Reply