ਅਫ਼ਗਾਨਿਸਤਾਨ ਤੋਂ ਪਿਆਜ਼ ਦੀ ਦਰਾਮਦ ਸ਼ੁਰੂ

0


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 8 ਅਕਤੂਬਰ

ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਆਉਣ ਮਗਰੋਂ ਭਾਰਤ ਨਾਲ ਚੱਲ ਰਿਹਾ ਇੱਕ ਪਾਸੜ ਵਪਾਰ ਬੰਦ ਹੋਣ ਦੀਆਂ ਕਿਆਸਅਰਾਈਆਂ ਦੇ ਉਲਟ ਇਹ ਮੁੜ ਬਹਾਲ ਹੋ ਗਿਆ ਹੈ। ਸੁੱਕੇ ਮੇਵੇ ਨਾਲ ਹੁਣ ਅਫ਼ਗਾਨਿਸਤਾਨ ਦਾ ਪਿਆਜ਼ ਵੀ ਇੱਥੇ ਪੁੱਜਣਾ ਸ਼ੁਰੂ ਹੋ ਗਿਆ ਹੈ। ਅਫ਼ਗਾਨਿਸਤਾਨ ਤੋਂ ਪਿਆਜ਼ ਦੇ ਕੁਝ ਟਰੱਕ ਅੱਜ ਇੱਥੇ ਅਟਾਰੀ ਸਥਿਤ ਆਈਸੀਪੀ ਵਿੱਚ ਪੁੱਜੇ ਹਨ। ਸਬਜ਼ੀਆਂ ਅਤੇ ਫਲਾਂ ਦੀ ਬਰਾਮਦ ਤੇ ਦਰਾਮਦ ਕਰਨ ਵਾਲੇ ਵਪਾਰੀ ਜਤਿੰਦਰ ਖੁਰਾਣਾ ਨੇ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਪਿਆਜ਼ ਦੇ ਲਗਪਗ 25 ਟਰੱਕ ਤੁਰੇ ਹਨ। ਇਨ੍ਹਾਂ ਵਿੱਚੋਂ ਕੁਝ ਟਰੱਕ ਪੁੱਜ ਗਏ ਹਨ ਤੇ ਬਾਕੀ ਰਸਤੇ ਵਿੱਚ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਤੋਂ ਪਿਆਜ਼ ਦੀ ਆਮਦ ਨਾਲ ਇੱਥੇ ਭਾਰਤੀ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ ’ਤੇ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਇਹ ਪਿਆਜ਼ 25 ਤੋਂ 26 ਰੁਪਏ ਪ੍ਰਤੀ ਕਿਲੋ ਦੀ ਲਾਗਤ ਨਾਲ ਇੱਥੇ ਪੁੱਜ ਰਿਹਾ ਹੈ, ਜਦ ਕਿ ਭਾਰਤੀ ਬਾਜ਼ਾਰ ਵਿੱਚ ਇਸ ਵੇਲੇ ਪਿਆਜ਼ ਦੀ ਕੀਮਤ 40 ਤੋਂ 45 ਰੁਪਏ ਪ੍ਰਤੀ ਕਿਲੋ ਹੈ। ਉਨ੍ਹਾਂ ਦੱਸਿਆ ਕਿ ਇੱਕ ਟਰੱਕ ਵਿੱਚ ਲਗਪਗ 35 ਤੋਂ 40 ਟਨ ਪਿਆਜ਼ ਲੱਦੇ ਹੋਏ ਹਨ। ਫੈਡਰੇਸ਼ਨ ਆਫ ਡਰਾਈ ਫਰੂਟ ਅਤੇ ਕਰਿਆਨਾ ਮਰਚੈਂਟ ਦੇ ਪ੍ਰਧਾਨ ਅਨਿਲ ਮਹਿਰਾ ਨੇ ਆਖਿਆ ਕਿ ਆਉਂਦੇ ਦਿਨਾਂ ਵਿੱਚ ਅਫ਼ਗ਼ਾਨਿਸਤਾਨ ਤੋਂ ਸੁੱਕੇ ਮੇਵੇ ਦੀ ਦਰਾਮਦ ਵੀ ਵੱਧ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਬੁਲ ਤੇ ਕੰਧਾਰ ਵਿੱਚ ਇਸ ਵੇਲੇ ਸੁੱਕੇ ਮੇਵੇ ਦੀ ਫ਼ਸਲ ਤਿਆਰ ਖੜ੍ਹੀ ਹੈ, ਪਰ ਸੱਤਾ ਤਬਦੀਲੀ ਤੋਂ ਬਾਅਦ ਉੱਥੇ ਮਜ਼ਦੂਰਾਂ ਤੇ ਆਵਾਜਾਈ ਦੇ ਸਾਧਨਾਂ ਦੀ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਕੰਮ ਨਾ ਕਰਦੇ ਹੋਣ ਕਾਰਨ ਤੀਜੀ ਧਿਰ ਰਾਹੀਂ ਰਕਮ ਦਾ ਭੁਗਤਾਨ ਕਰਕੇ ਹਾਲ ਦੀ ਘੜੀ ਮਾਲ ਮੰਗਵਾਇਆ ਜਾ ਰਿਹਾ ਹੈ। 


Leave a Reply