ਅਫ਼ਗਾਨਿਸਤਾਨ ਬਾਰੇ ਜੀ20 ਆਗੂਆਂ ਦਾ ਸੰਮੇਲਨ ਅੱਜ

2

ਨਵੀਂ ਦਿੱਲੀ, 11 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਜੀ-20 ਆਗੂਆਂ ਦੇ ਵਰਚੁਅਲ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣਗੇ। ਇਹ ਸੰਮੇਲਨ ਅਫ਼ਗਾਨਿਸਤਾਨ ਉਤੇ ਕੇਂਦਰਿਤ ਹੋਵੇਗਾ ਤੇ ਉੱਥੋਂ ਦੀ ਸਥਿਤੀ ’ਤੇ ਵਿਸਤਾਰ ਵਿਚ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਮੇਲਨ ਦੇ ਏਜੰਡੇ ਵਿਚ ਉੱਥੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ, ਸੁਰੱਖਿਆ, ਅਤਿਵਾਦ ਖ਼ਿਲਾਫ਼ ਕਾਰਵਾਈ ਤੇ ਮਨੁੱਖੀ ਹੱਕ ਸ਼ਾਮਲ ਹੋਣਗੇ। ਸੰਮੇਲਨ ਦੀ ਅਗਵਾਈ ਇਟਲੀ ਕਰੇਗਾ। ਮੋਦੀ ਨੇ ਪਿਛਲੇ ਮਹੀਨੇ ਵੀ ਐੱਸਸੀਓ-ਸੀਐੱਸਟੀਓ ਸੰਮੇਲਨ ਵਿਚ ਸ਼ਿਰਕਤ ਕੀਤੀ ਸੀ ਜੋ ਕਿ ਅਫ਼ਗਾਨਿਸਤਾਨ ਉਤੇ ਕੇਂਦਰਿਤ ਸੀ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜੀ20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ ਸੀ ਤੇ ਉਹ ਵੀ ਅਫ਼ਗਾਨ ਸੰਕਟ ਉਤੇ ਸੀ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਨਾਲ ਵੀ ਫੋਨ ਉਤੇ ਗੱਲਬਾਤ ਕੀਤੀ। ਇਸ ਦੌਰਾਨ ਮੋਦੀ ਨੇ ਯੂਕੇ ਵੱਲੋਂ ਭਾਰਤੀ ਵੈਕਸੀਨ ਸਰਟੀਫਿਕੇਟ ਨੂੰ ਦਿੱਤੀ ਮਾਨਤਾ ਲਈ ਜੌਹਨਸਨ ਦਾ ਧੰਨਵਾਦ ਕੀਤਾ। ਦੋਵੇਂ ਆਗੂ ਤਾਲਿਬਾਨ ਨਾਲ ਰਾਬਤਾ ਕਰਨ ਲਈ ਕੌਮਾਂਤਰੀ ਪੱਧਰ ’ਤੇ ਸਾਂਝੀ ਰਣਨੀਤੀ ਉਤੇ ਚੱਲਣ ਲਈ ਵੀ ਸਹਿਮਤ ਹੋਏ। ਬਰਤਾਨੀਆ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀਆਂ ਨੇ ਕਰੋਨਾਵਾਇਰਸ ਖ਼ਿਲਾਫ਼ ਸਾਂਝੀ ਮੁਹਿੰਮ ’ਤੇ ਜ਼ੋਰ ਦਿੱਤਾ ਅਤੇ ਕੌਮਾਂਤਰੀ ਯਾਤਰਾ ਨੂੰ ਸਾਵਧਾਨੀ ਨਾਲ ਖੋਲ੍ਹਣ ਦੀ ਅਹਿਮੀਅਤ ਉਤੇ ਵੀ ਵਿਚਾਰ-ਚਰਚਾ ਕੀਤੀ। ਇਸ ਮੌਕੇ ਜਲਵਾਯੂ ਤਬਦੀਲੀ ਬਾਰੇ ਕਦਮ ਚੁੱਕਣ ਦੀ ਲੋੜ ਉਤੇ ਵੀ ਗੱਲਬਾਤ ਹੋਈ। ਦੋਵਾਂ ਆਗੂਆਂ ਨੇ ‘ਰੋਡਮੈਪ 2030’ ਨੀਤੀ ਤਹਿਤ ਭਾਰਤ ਤੇ ਯੂਕੇ ਦਰਮਿਆਨ ਵਪਾਰ, ਰੱਖਿਆ ਖੇਤਰ ਵਿਚ ਹੋਈ ਤਰੱਕੀ ’ਤੇ ਤਸੱਲੀ ਪ੍ਰਗਟ ਕੀਤੀ। -ਪੀਟੀਆਈ

Leave a Reply