ਨਵੀਂ ਦਿੱਲੀ, 4 ਅਗਸਤ
ਅਰੁਣਾਚਲ ਪ੍ਰਦੇਸ਼ ਦੇ ਦੋ ਵਿਅਕਤੀ ਕਰੀਬ ਦੋ ਸਾਲਾਂ ਤੋਂ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀ ਹਿਰਾਸਤ ’ਚ ਹਨ ਪਰ ਚੀਨੀ ਫੌਜ ਇਸ ਤੋਂ ਇਨਕਾਰ ਕਰ ਰਹੀ ਹੈ। ਬਟੇਲੁਮ ਟਿਕਰੋ (35) ਅਤੇ ਚਚੇਰਾ ਭਰਾ ਬੈਂਸੀ ਮਨਿਊ (37) ਅਰੁਣਾਚਲ ਪ੍ਰਦੇਸ਼ ਦੇ ਅੰਜਾਅ ਜ਼ਿਲ੍ਹੇ ਦੇ ਚਗਲਾਗਾਮ ਇਲਾਕੇ ਤੋਂ 19 ਅਗਸਤ, 2022 ਤੋਂ ਲਾਪਤਾ ਹਨ। ਦੋਵੇਂ ਸਰਹੱਦ ਨੇੜੇ ਪਹਾੜੀ ਇਲਾਕੇ ’ਚ ਜੜ੍ਹੀ-ਬੂਟੀਆਂ ਦੀ ਭਾਲ ਕਰਨ ਲਈ ਗਏ ਸਨ। ਟਿਕਰੋ ਦੇ ਭਰਾ ਦਿਸ਼ਾਂਸੋ ਚਿਕਰੋ ਨੇ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ, ‘‘ਮੈਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਚੀਨੀ ਫੌਜ ਨੇ ਹਿਰਾਸਤ ’ਚ ਲਿਆ ਹੈ। ਮੈਂ ਕਈ ਵਾਰ ਸਥਾਨਕ ਫੌਜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਮੈਨੂੰ ਦੱਸਿਆ ਗਿਆ ਕਿ ਭਾਰਤੀ ਫੌਜ ਨੇ ਚੀਨੀ ਫੌਜ ਅੱਗੇ ਇਹ ਮੁੱਦਾ ਚੁੱਕਿਆ ਸੀ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।’’ ਅੰਜਾਅ ਦੇ ਵਿਧਾਇਕ ਅਤੇ ਪ੍ਰਦੇਸ਼ ਮਹਿਲਾ ਤੇ ਬਾਲ ਵਿਕਾਸ ਮੰਤਰੀ ਦਸਾਂਗਲੂ ਪੁਲ ਨੇ ਪੁਸ਼ਟੀ ਕੀਤੀ ਕਿ ਦੋਵੇਂ ਜੜ੍ਹੀ-ਬੂਟੀਆਂ ਦੀ ਭਾਲ ਕਰਦੇ ਸਮੇਂ ਚੀਨੀ ਸਰਹੱਦ ਤੋਂ ਗਾਇਬ ਹੋ ਗਏ ਸਨ। ਉਨ੍ਹਾਂ ਫੋਨ ’ਤੇ ਦੱਸਿਆ ਕਿ ਚੀਨ ਨੇ ਅਜੇ ਤੱਕ ਨਹੀਂ ਮੰਨਿਆ ਕਿ ਅਰੁਣਾਚਲ ਦੇ ਦੋਵੇਂ ਨੌਜਵਾਨ ਉਨ੍ਹਾਂ ਦੀ ਹਿਰਾਸਤ ’ਚ ਹਨ ਪਰ ਉਹ ਜਿਊਂਦੇ ਹਨ। ਚਿਕਰੋ ਨੇ ਦੋਹਾਂ ਦੇ ਲਾਪਤਾ ਹੋਣ ਮਗਰੋਂ 9 ਅਕਤੂਬਰ, 2022 ਨੂੰ ਹਯੂਲਿਆਂਗ ਪੁਲੀਸ ਸਟੇਸ਼ਨ ’ਚ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਦੋਵੇਂ ਲਾਪਤਾ ਵਿਅਕਤੀਆਂ ਦੇ ਆਧਾਰ ਕਾਰਡ ਮੁਤਾਬਕ ਟਿਕਰੋ ਦੋਈਲਿਆਂਗ ਦਾ ਨਿਵਾਸੀ ਹੈ ਅਤੇ ਮੰਨਿਊ ਅਰੁਣਾਚਲ ਪ੍ਰਦੇਸ਼ ਦੇ ਅੰਜਾਅ ਜ਼ਿਲ੍ਹੇ ਦੇ ਮੰਨਿਊ ਚਿਪਰੋਗਾਮ ਦਾ ਵਸਨੀਕ
ਹੈ। -ਪੀਟੀਆਈ