ਫ਼ਿਰੋਜ਼ਪੁਰ, 10 ਜੂਨ

ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹਾ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਮੌਤ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੁਲੀਸ ਮੁਕਾਬਲੇ ਵੇਲੇ ਦੋਵੇਂ ਆਪਣੇ ਕਮਰੇ ਵਿਚ ਆਰਾਮ ਕਰ ਰਹੇ ਸਨ। ਜੇ ਪੁਲੀਸ ਚਾਹੁੰਦੀ ਤਾਂ ਦੋਵਾਂ ਤੋਂ ਆਤਮ-ਸਮਰਪਣ ਕਰਵਾ ਸਕਦੀ ਸੀ ਪਰ ਪੁਲੀਸ ਨੇ ਅਜਿਹਾ ਕਰਨ ਦੀ ਬਜਾਏ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਸਾਬਕਾ ਮੈਂਬਰ ਪਾਰਲੀਮੈਂਟ ਤੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਾਸੋਂ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਜੈਪਾਲ ਦੇ ਪਰਿਵਾਰਕ ਮੈਂਬਰ ਅੱਜ ਉਸ ਦੀ ਦੇਹ ਨੂੰ ਫ਼ਿਰੋਜ਼ਪੁਰ ਲਿਆਉਣ ਵਾਸਤੇ ਇਥੋਂ ਰਵਾਨਾ ਹੋ ਗਏ। ਜੈਪਾਲ ਦੇ ਘਰ ਅੱਜ ਸਾਰਾ ਦਿਨ ਪੱਤਰਕਾਰਾਂ ਦੀ ਭੀੜ ਲੱਗੀ ਰਹੀ। ਮੁਹੱਲੇ ਦੇ ਕੁਝ ਲੋਕ ਤੇ ਰਿਸ਼ਤੇਦਾਰ ਵੀ ਅੱਜ ਜੈਪਾਲ ਦੀ ਮਾਤਾ ਨਾਲ ਅਫ਼ਸੋਸ ਕਰਨ ਉਸ ਦੇ ਘਰ ਪਹੁੰਚੇ। ਜੈਪਾਲ ਦਾ ਅਸਲ ਨਾਂ ਮਨਜੀਤ ਸਿੰਘ ਸੀ ਤੇ ਉਸ ਉਪਰ ਪੰਜਾਹ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਸਨ। ਜੈਪਾਲ ਦੀ ਮਾਂ ਦਾ ਕਹਿਣਾ ਹੈ ਕਿ ਪਿਛਲੇ ਅੱਠ ਸਾਲ ਤੋਂ ਉਨ੍ਹਾਂ ਦਾ ਜੈਪਾਲ ਨਾਲ ਕਦੇ ਸੰਪਰਕ ਨਹੀਂ ਹੋਇਆ। ਉਨ੍ਹਾਂ ਪੁਲੀਸ ਮੁਕਾਬਲੇ ਦੀ ਉਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here