ਨਵੀਂ ਦਿੱਲੀ, 24 ਅਪਰੈਲ

ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 224 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਗੁਜਰਾਤ ਦੀ ਟੀਮ ਅੱਠ ਵਿਕਟਾਂ ਗੁਆ ਕੇ 220 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਸਾਈ ਸੁਦਰਸ਼ਨ ਨੇ 65 ਦੌੜਾਂ, ਡੇਵਿਡ ਮਿੱਲਰ ਨੇ 55 ਅਤੇ ਰਾਸ਼ਿਦ ਖਾਨ ਨੇ 21 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਦਿੱਲੀ ਵੱਲੋਂ ਆਰ.ਡੀ. ਸਾਲਮ ਨੇ ਤਿੰਨ ਅਤੇ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਕਪਤਾਨ ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਦੇ ਨੀਮ ਸੈਂਕੜਿਆਂ ਦੀ ਬਦੌਲਤ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਚਾਰ ਵਿਕਟਾਂ ਦੇ ਨੁਕਸਾਨ ’ਤੇ 224 ਦੌੜਾਂ ਬਣਾਈਆਂ। ਪੰਤ ਨੇ 43 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ ਨਾਬਾਦ 88 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ ਜਦਕਿ ਅਕਸ਼ਰ ਨੇ 43 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਚਾਰ ਛੱਕਿਆਂ ਨਾਲ 66 ਦੌੜਾਂ ਬਣਾਈਆਂ। ਦੋਵਾਂ ਨੇ ਚੌਥੀ ਵਿਕਟ ਲਈ ਉਸ ਸਮੇਂ 113 ਦੌੜਾਂ ਦੀ ਭਾਈਵਾਲੀ ਕੀਤੀ, ਜਦੋਂ ਟੀਮ 44 ਦੌੜਾਂ ’ਤੇ ਤਿੰਨ ਵਿਕਟਾਂ ਗੁਆਉਣ ਮਗਰੋਂ ਸੰਕਟ ਵਿੱਚ ਸੀ। ਇਸ ਤੋਂ ਇਲਾਵਾ ਪ੍ਰਿਥਵੀ ਸ਼ਾਅ ਨੇ 11 ਦੌੜਾਂ, ਜੈਕ ਫਰੈਜ਼ਰ-ਮੈਕਗਰਕ ਨੇ 23 ਅਤੇ ਟ੍ਰਿਸਟਨ ਸਟੱਬਜ਼ ਨੇ 26 ਦੌੜਾਂ ਬਣਾਈਆਂ। ਸੰਦੀਪ ਵਾਰੀਅਰ ਨੇ ਤਿੰਨ ਓਵਰਾਂ ਵਿੱਚ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। -ਪੀਟੀਆਈ

LEAVE A REPLY

Please enter your comment!
Please enter your name here