ਨਵੀਂ ਦਿੱਲੀ, 21 ਜੁਲਾਈ

ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਬਿਆਨ ਦਿੱਤੇ ਜਾਣ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਕਿਸੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਆਕਸੀਜਨ ਦੀ ਘਾਟ ਕਾਰਨ ਮੌਤ ਹੋਣ ਸਬੰਧੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਅੱਜ ਕੇਂਦਰ ਨੂੰ ਕਰਾਰੇ ਹੱਥੀਂ ਲਿਆ। ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਝੂਠ ਬੋਲ ਕੇ ਆਪਣੀਆਂ ਗ਼ਲਤੀਆਂ ਛੁਪਾਉਣ ਦੇ ਦੋਸ਼ ਲਗਾਏ ਹਨ।

ਇਸ ਵਿਵਾਦ ਵਿਚਾਲੇ ਇਕ ਪਾਸੇ ਜਿੱਥੇ ਮਹਾਰਾਸ਼ਟਰ ਜਿੱਥੇ ਕਿ ਕਾਂਗਰਸ, ਸ਼ਿਵ ਸੈਨਾ ਤੇ ਐੱਨਸੀਪੀ ਦੀ ਭਾਈਵਾਲੀ ਵਾਲੀ ਸਰਕਾਰ ਹੈ ਅਤੇ ਭਾਜਪਾ ਦੀ ਅਗਵਾਈ ਵਾਲੇ ਮੱਧ ਪ੍ਰਦੇਸ਼ ਤੇ ਗੁਜਰਾਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਰਾਜਾਂ ਵਿਚ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ ਹੈ। ਹਾਲਾਂਕਿ, ਆਕਸੀਜਨ ਦਿੱਲੀ ਸਰਕਾਰ ਨੇ ਇਸ ਮੁੱਦੇ ’ਤੇ ਅੱਜ ਕੇਂਦਰ ’ਤੇ ਹੱਲਾ ਬੋਲਿਆ ਹੈ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਆਕਸੀਜਨ ਦੀ ਘਾਟ ਦਾ ਸੱਚ ਛੁਪਾਉਣ ਲਈ ਦਿੱਲੀ ਸਰਕਾਰ ਨੂੰ ਆਡਿਟ ਕਮੇਟੀ ਨਹੀਂ ਬਣਾਉਣ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਲ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਬਾਰੇ ਕੋਈ ਅੰਕੜਾ ਨਹੀਂ ਹੈ ਕਿਉਂਕਿ ਕੇਂਦਰ ਨੇ ਲੋਕਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਕਮੇਟੀ ਨਹੀਂ ਬਣਾਉਣ ਦਿੱਤੀ ਸੀ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਦੀ ਜਾਂਚ ਸਬੰਧੀ ਕਮੇਟੀ ਦਾ ਗਠਨ ਕਰਨ ਤੇ ਉਨ੍ਹਾਂ ਨੂੰ ਮੁਆਵਜ਼ੇ ਵਜੋਂ ਪੰਜ ਲੱਖ ਰੁਪਏ ਦੇਣ ਦਾ ਫ਼ੈਸਲਾ ਲਿਆ ਸੀ ਪਰ ਕੇਂਦਰ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰੀ ਸਚਾਈ ਛੁਪਾਉਣਾ ਚਾਹੁੰਦੀ ਹੈ। ਉੱਧਰ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਤੇ ਦੇਸ਼ ਭਰ ਵਿਚ ਹੋਰ ਥਾਵਾਂ ’ਤੇ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ ਅਤੇ ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੈ ਕਿ ਕਿਸੇ ਦੀ ਵੀ ਜਾਨ ਆਕਸੀਜਨ ਦੀ ਘਾਟ ਕਾਰਨ ਨਹੀਂ ਗਈ। ਉਨ੍ਹਾਂ ਕਿਹਾ, ‘‘ਕੇਂਦਰ ਉਨ੍ਹਾਂ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ … ਕੱਲ੍ਹ ਉਹ (ਕੇਂਦਰ) ਕਹਿਣਗੇ ਕਿ ਕੋਵਿਡ-19 ਕਾਰਨ ਕੋਈ ਮੌਤ ਨਹੀਂ ਹੋਈ ਹੈ।’’ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਜੈਨ ਨੇ ਕਿਹਾ, “ਜੇ ਆਕਸੀਜਨ ਦੀ ਘਾਟ ਕਾਰਨ ਮੌਤਾਂ ਨਾ ਹੁੰਦੀਆਂ, ਤਾਂ ਹਸਪਤਾਲ ਇਕ ਤੋਂ ਬਾਅਦ ਇਕ ਰੋਜ਼ਾਨਾ ਹਾਈ ਕੋਰਟ ਕਿਉਂ ਜਾਂਦੇ? ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਾ ਹੋਣ ਸਬੰਧੀ ਬਿਆਨ ’ਤੇ ਅੱਜ ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਮਹਾਮਾਰੀ ਵਾਲੇ ਸਾਲ ਵਿਚ ਸਰਕਾਰ ਵੱਲੋਂ ਆਕਸੀਜਨ ਦੀ ਬਰਾਮਦ ਵਧਾਏ ਜਾਣ ਅਤੇ ਇਸ ਦੀ ਢੋਆ-ਢੁਆਈ ਲਈ ਟੈਂਕਰਾਂ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਮੌਤਾਂ ਹੋਈਆਂ ਸਨ। ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਮਹਾਮਾਰੀ ਵਾਲੇ ਸਾਲ ਵਿਚ ਮੌਤਾਂ ਇਸ ਕਰ ਕੇ ਹੋਈਆਂ ਸਨ ਕਿਉਂ ਕਿ ਸਰਕਾਰ ਨੇ ਆਕਸੀਜਨ ਦੀ ਬਰਾਮਦ ਕਰੀਬ 700 ਫ਼ੀਸਦ ਵਧਾ ਦਿੱਤੀ ਸੀ।’’ ਉਨ੍ਹਾਂ ਦੋਸ਼ ਲਾਇਆ ਕਿ ਮੌਤਾਂ ਇਸ ਵਾਸਤੇ ਹੋਈਆਂ ਸਨ ਕਿਉਂਕਿ ਸਰਕਾਰ ਨੇ ਆਕਸੀਜਨ ਦੀ ਢੋਆ-ਢੁਆਈ ਲਈ ਟੈਂਕਰਾਂ ਦਾ ਇੰਤਜ਼ਾਮ ਨਹੀਂ ਸੀ ਕੀਤਾ ਅਤੇ ਉੱਚ ਤਾਕਤੀ ਸਮੂਹਾਂ ਤੇ ਇਕ ਸੰਸਦੀ ਕਮੇਟੀ ਦੀ ਸਲਾਹ ਨੂੰ ਅਣਗੌਲਿਆਂ ਕੀਤਾ ਗਿਆ। ਹਸਪਤਾਲਾਂ ਵਿਚ ਆਕਸੀਜਨ ਪਲਾਂਟ ਸਥਾਪਤ ਕਰਨ ਦਾ ਉਪਰਾਲਾ ਨਹੀਂ ਕੀਤਾ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਉਹ ਲੋਕ ਜਿਨ੍ਹਾਂ ਦੇ ਸਕੇ-ਸਬੰਧੀਆਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਹੋਈ ਹੈ ਉਹ ਕੇਂਦਰ ਸਰਕਾਰ ਨੂੰ ਅਦਾਲਤ ਵਿਚ ਲੈ ਕੇ ਜਾਣ। ਹਾਲਾਂਕਿ, ਮਹਾਰਾਸ਼ਟਰ ਸਰਕਾਰ ਸੂਬੇ ਵਿਚ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਾ ਹੋਣ ਦੀ ਗੱਲ ਕਹਿ ਚੁੱਕੀ ਹੈ। ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਤੋਪੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ, ‘‘ਅਸੀਂ ਕਦੇ ਨਹੀਂ ਕਿਹਾ ਕਿ ਆਸਕਸੀਜਨ ਦੀ ਘਾਟ ਕਰ ਕੇ ਸੂਬੇ ਵਿਚ ਲੋਕਾਂ ਦੀ ਮੌਤ ਹੋਈ ਹੈ।’’ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਪ੍ਰਭੂ ਰਾਮ ਚੌਧਰੀ ਤੇ ਗੁਜਰਾਤ ਦੇ ਮੁੱਖ ਮੰਤਰੀ ਨੇ ਵੀ ਆਪੋ-ਆਪਣੇ ਸੂਬਿਆਂ ਵਿਚ ਆਕਸੀਜਨ ਦੀ ਘਾਟ ਕਾਰਨ ਕੋਈ ਵੀ ਮੌਤ ਹੋਣ ਤੋਂ ਇਨਕਾਰ ਕੀਤਾ ਹੈ। -ਪੀਟੀਆਈ

ਆਪਣਿਆਂ ਨੂੰ ਗੁਆਉਣ ਵਾਲਿਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹੈ ਕੇਂਦਰ: ਜੈਨ

ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਤੇ ਦੇਸ਼ ਭਰ ਵਿਚ ਹੋਰ ਥਾਵਾਂ ’ਤੇ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ ਅਤੇ ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੈ ਕਿ ਕਿਸੇ ਦੀ ਵੀ ਜਾਨ ਆਕਸੀਜਨ ਦੀ ਘਾਟ ਕਾਰਨ ਨਹੀਂ ਗਈ। ਉਨ੍ਹਾਂ ਕਿਹਾ, ‘‘ਕੇਂਦਰ ਉਨ੍ਹਾਂ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ … ਕੱਲ੍ਹ ਉਹ (ਕੇਂਦਰ) ਕਹਿਣਗੇ ਕਿ ਕੋਵਿਡ-19 ਕਾਰਨ ਕੋਈ ਮੌਤ ਨਹੀਂ ਹੋਈ ਹੈ।’’ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਜੈਨ ਨੇ ਕਿਹਾ, “ਜੇ ਆਕਸੀਜਨ ਦੀ ਘਾਟ ਕਾਰਨ ਮੌਤਾਂ ਨਾ ਹੁੰਦੀਆਂ, ਤਾਂ ਹਸਪਤਾਲ ਇਕ ਤੋਂ ਬਾਅਦ ਇਕ ਰੋਜ਼ਾਨਾ ਹਾਈ ਕੋਰਟ ਕਿਉਂ ਜਾਂਦੇ? ਹਸਪਤਾਲਾਂ ਦਾ ਕਹਿਣਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਮੌਤਾਂ ਹੁੰਦੀਆਂ ਹਨ। ਦਿੱਲੀ ਅਤੇ ਦੇਸ਼ ਭਰ ਵਿੱਚ ਹੋਰ ਕਈ ਥਾਵਾਂ ਤੇ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ ਤੇ ਇਹ ਸੱਚਮੁੱਚ ਮੰਦਭਾਗੀ ਗੱਲ ਸੀ।’’

LEAVE A REPLY

Please enter your comment!
Please enter your name here