ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਕੇਜਰੀਵਾਲ ਸਰਕਾਰ ਤਰਫ਼ੋਂ ਸਿੱਖਿਆ ਮੰਤਰੀ ਆਤਿਸ਼ੀ ਨੇ ਪਿੰਡ ਮੈਦਾਨਗੜ੍ਹੀ ਦੀਆਂ ਤੰਗ ਗਲੀਆਂ ਦੇ ਵਿਚਕਾਰ ਸਰਕਾਰੀ ਕੋ-ਐਡ ਸੈਕੰਡਰੀ ਸਕੂਲ ਵਿੱਚ ਇੱਕ ਚਾਰ ਮੰਜ਼ਿਲਾ ਸਕੂਲ ਬਲਾਕ ਦਾ ਉਦਘਾਟਨ ਕਰਕੇ ਇਸ ਨੂੰ ਬੱਚਿਆਂ ਦੇ ਸਪੁਰਦ ਕੀਤਾ।
ਆਤਿਸ਼ੀ ਨੇ ਕਿਹਾ ਕਿ ਪਿੰਡ ਮੈਦਾਨਗੜ੍ਹੀ ਦੇ ਸਕੂਲ ਵਿੱਚ ਖਸਤਾਹਾਲ ਕਲਾਸ ਰੂਮ ਦੀ ਥਾਂ ’ਤੇ ਬਣਿਆ ਇਹ ਸਕੂਲ ਬਲਾਕ ਹੁਣ ਮਹਿੰਗੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਨਾਲੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਨਵੇਂ ਚਾਰ ਮੰਜ਼ਿਲਾ ਸਕੂਲ ਬਲਾਕ ਨਾਲ ਨੇੜਲੇ ਇਲਾਕੇ ਮੈਦਾਨਗੜ੍ਹੀ, ਰਾਜਪੁਰ, ਛੱਤਰਪੁਰ, ਨੇਬ ਸਰਾਏ ਦੇ ਬੱਚਿਆਂ ਨੂੰ ਲਾਭ ਹੋਵੇਗਾ। ਵਿਦਿਆਰਥੀਆਂ ਦੇ ਵਧਦੇ ਦਬਾਅ ਕਾਰਨ ਇਹ ਸਕੂਲ ਪਹਿਲਾਂ ਦੋ ਸ਼ਿਫਟਾਂ ਵਿੱਚ ਚੱਲਦਾ ਸੀ ਪਰ ਨਵਾਂ ਸਕੂਲ ਬਲਾਕ ਹੋਣ ਨਾਲ ਇਹ ਮੁੜ ਤੋਂ ਇੱਕ ਸ਼ਿਫਟ ਵਿੱਚ ਚੱਲੇਗਾ। ਇਹ ਚਾਰ ਮੰਜ਼ਿਲਾ ਸਕੂਲ ਬਲਾਕ ਲਾਇਬ੍ਰੇਰੀ ਅਤੇ ਸਮਾਰਟ ਕਲਾਸਰੂਮਾਂ ਨਾਲ ਲੈਸ ਹੈ।
ਉਨ੍ਹਾਂ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ 2015 ਤੱਕ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸਰਕਾਰਾਂ ਨੇ ਸਿਰਫ਼ 24,000 ਕਲਾਸ ਰੂਮ ਬਣਾਏ ਹਨ ਪਰ ਪਿਛਲੇ 10 ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ 22,000 ਤੋਂ ਵੱਧ ਕਲਾਸਰੂਮ ਬਣਾਏ ਹਨ। ਕੇਜਰੀਵਾਲ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਬਣੀ ਜਿਸ ਨੇ ਆਪਣੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਅਤੇ ਅਧਿਆਪਕਾਂ ਦੀ ਸਿਖਲਾਈ ਲਈ ਬਜਟ 10 ਗੁਣਾ ਵਧਾ ਦਿੱਤਾ ਹੈ।