ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 8 ਜੂਨ

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ  ‘ਫ਼ਤਹਿ ਕਿੱਟ’  ਖਰੀਦਣ ਵਿੱਚ ਕੀਤੇ ਗਏ ਭ੍ਰਿਸ਼ਟਾਚਾਰ ਬਾਰੇ ਪੰਜਾਬ ਦੇ ਲੋਕਪਾਲ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ ਖ਼ਜ਼ਾਨੇ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਦੀ ਮੰਗ ਕੀਤੀ। ਲੋਕਪਾਲ ਜਸਟਿਸ (ਸੇਵਾਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਲਿਖੀ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ‘ਆਫਤ ਨੂੰ ਅਵਸਰ’ ਦੇ ਰੂਪ ਵਿੱਚ ਵਰਤਦਿਆਂ ‘ਫ਼ਤਹਿ ਕਿੱਟਾਂ’ ਦੀ ਖਰੀਦ ਵਿੱਚ ਕਰੋੜਾਂ ਦਾ ਘਪਲਾ ਕੀਤਾ ਹੈ। 

‘ਸਰਕਾਰ ਨੇ ਮੈਡੀਕਲ ਉਪਕਰਨ ਨਾ ਬਣਾਉਣ ਵਾਲੀ ਕੰਪਨੀ ਨੂੰ ਦਿੱਤਾ ਠੇਕਾ’

ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਫ਼ਤਹਿ ਕਿੱਟਾਂ ਦਾ ਠੇਕਾ ਅਜਿਹੀ ਕੰਪਨੀ ਨੂੰ ਦਿੱਤਾ ਹੈ, ਜੋ ਮੈਡੀਕਲ ਉਪਕਰਨ ਨਹੀਂ ਬਣਾਉਂਦੀ। ਉਨ੍ਹਾਂ ਕਿਹਾ ਕਿ ਫ਼ਤਹਿ ਕਿੱਟਾਂ ਦਾ ਟੈਂਡਰ ਕੱਪੜੇ ਬਣਾਉਣ ਵਾਲੀ ਕੰਪਨੀ ਨੂੰ ਦਿੱਤਾ ਹੈ, ਜਿਸ ਕੋਲ ਮੈਡੀਕਲ ਉਪਕਰਨ ਬਣਾਉਣ ਦਾ ਕੋਈ ਲਾਇਸੈਂਸ ਹੀ ਨਹੀਂ ਹੈ। ਕੰਪਨੀ ਦੇ ਮਾਲਕਾਂ ਦੀ ਮੁੱਖ ਮੰਤਰੀ ਨਾਲ ਬਹੁਤ ਨੇੜਤਾ ਹੈ। ਇਸੇ ਲਈ ਸਰਕਾਰ ਨੇ ਵਾਰ ਵਾਰ ਟੈਂਡਰ ਜਾਰੀ ਕਰ ਕੇ 837 ਰੁਪਏ ਵਾਲੀ ਫ਼ਤਹਿ ਕਿੱਟ 1338 ਰੁਪਏ ਵਿੱਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ ’ਤੇ ਡਾਕਾ ਮਾਰਿਆ ਹੈ। ਉਨ੍ਹਾਂ ਫ਼ਤਹਿ ਕਿੱਟ ਖਰੀਦਣ ਦੇ ਕਥਿਤ ਘੁਟਾਲੇ ਵਿੱਚ ਸ਼ਾਮਲ ਮੰਤਰੀਆਂ ਅਤੇ ਅਧਿਕਾਰੀਆਂ ਵਿਰੁੱਧ ਜਾਂਚ ਮੰਗੀ ਹੈ। 

LEAVE A REPLY

Please enter your comment!
Please enter your name here