ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਫਰਵਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ’ਚ ਕੱਲ੍ਹ ਪੇਸ਼ ਕੀਤਾ ਭਰੋਸੇ ਦਾ ਮਤਾ ਅੱਜ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਸ੍ਰੀ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਲਈ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਜੇ ਭਾਜਪਾ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਵੀ ‘ਆਪ’ 2029 ਦੀਆਂ ਚੋਣਾਂ ਵਿੱਚ ਦੇਸ਼ ਨੂੰ ਭਾਜਪਾ ਤੋਂ ‘ਆਜ਼ਾਦ’ ਕਰਵਾ ਕੇ ਰਹੇਗੀ। ਵਿਰੋਧੀ ਧਿਰ ਦੇ ਨੇਤਾ ਭਾਜਪਾ ਵਿਧਾਇਕ ਰਾਮਵੀਰ ਸਿੰਘ ਬਿਧੂੜੀ ਦੀ ਅਸਹਿਮਤੀ ਤੋਂ ਇਲਾਵਾ ਮੁੱਖ ਮੰਤਰੀ ਸਣੇ ਆਮ ਆਦਮੀ ਪਾਰਟੀ (ਆਪ) ਦੇ 54 ਵਿਧਾਇਕਾਂ ਦੇ ਸਮਰਥਨ ਨਾਲ ਭਰੋਸੇ ਦਾ ਮਤਾ ਅੱਜ ਪਾਸ ਕੀਤਾ ਗਿਆ। ਵਿਰੋਧੀ ਧਿਰ ਭਾਜਪਾ ਦੇ ਬਾਕੀ ਸੱਤ ਵਿਧਾਇਕ ਮੁਅੱਤਲ ਹਨ।
‘ਆਪ’ ਦੇ 70 ਮੈਂਬਰੀ ਸਦਨ ਵਿੱਚ 62 ਵਿਧਾਇਕਾਂ ’ਚੋਂ 54 ਅੱਜ ਦਿੱਲੀ ਵਿਧਾਨ ਸਭਾ ਵਿੱਚ ਪਾਰਟੀ ਦੇ ਵਿਧਾਨਕ ਪ੍ਰਦਰਸ਼ਨ ਦੌਰਾਨ ਮੌਜੂਦ ਸਨ। ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਭਰੋਸੇ ਦੇ ਮਤੇ ਰਾਹੀਂ ਇਹ ਦਰਸਾਉਣਾ ਸੀ ਕਿ ਇੱਕ ਵਾਰ ਫਿਰ ਭਾਜਪਾ ਦਾ ‘ਆਪਰੇਸ਼ਨ ਲੋਟਸ’ ਫਿੱਕਾ ਪੈ ਗਿਆ ਹੈ। ਦਿੱਲੀ ਵਿੱਚ ਸਾਡੇ ਕਿਸੇ ਵੀ ਵਿਧਾਇਕ ਨੇ ਦਲ-ਬਦਲੀ ਨਹੀਂ ਕੀਤੀ ਅਤੇ ਸਾਰੇ ਸਾਡੇ ਨਾਲ ਡਟੇ ਹੋਏ ਹਨ। ਮਤੇ ’ਤੇ ਚਰਚਾ ਦੌਰਾਨ ਭਾਜਪਾ ’ਤੇ ਹਮਲਾ ਕਰਦਿਆਂ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਅਫਵਾਹਾਂ ਫੈਲ ਰਹੀਆਂ ਹਨ ਕਿ 2024 ਵਿੱਚ ਸੱਤਾ ’ਚ ਆਉਣ ਤੋਂ ਬਾਅਦ ਭਾਜਪਾ ਦਿੱਲੀ ਵਿਧਾਨ ਸਭਾ ਨੂੰ ਖਤਮ ਕਰ ਦੇਵੇਗੀ। ਸ੍ਰੀ ਕੇਜਰੀਵਾਲ ਨੇ ਆਪਣੇ ਵਿਧਾਇਕ ਸਾਥੀਆਂ ਨੂੰ ਕਿਹਾ ਕਿ ਉਹ ਸ਼ਹਿਰ ਦੇ ਹਰ ਕੋਨੇ ਵਿੱਚ ਜਾ ਕੇ ਦੱਸਣ ਕਿ ਭਾਜਪਾ ਉਨ੍ਹਾਂ ਦੀ ਵੋਟ ਨੂੰ ਕਿਸੇ ਵੀ ਕੀਮਤ ਨਾਲ ਤੋੜਨ ਦੀ ਸਾਜ਼ਿਸ਼ ਰਚ ਰਹੀ ਹੈ। ਕੇਜਰੀਵਾਲ ਵੱਲੋਂ ਸਵਾਲ ਕੀਤਾ ਗਿਆ ਕਿ ਉਹ (ਭਾਜਪਾ) ਕਹਿੰਦੇ ਰਹੇ ਹਨ ਕਿ ਮੈਨੂੰ ਗ੍ਰਿਫ਼ਤਾਰ ਕਰਨਗੇ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ ਪਰ ਤੁਸੀਂ ਕੇਜਰੀਵਾਲ ਦੇ ਪਿੱਛੇ ਦੀ ਸੋਚ ਨੂੰ ਕਿਵੇਂ ਕਾਬੂ ਕਰੋਗੇ। ਉਨ੍ਹਾਂ ਕਿਹਾ ਕਿ 12 ਸਾਲ ਪਹਿਲਾਂ ਰਜਿਸਟਰਡ ਹੋਈ ਪਾਰਟੀ ਪਿਛਲੇ 10 ਸਾਲਾਂ ਵਿੱਚ ਦੇਸ਼ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।