ਨਵੀਂ ਦਿੱਲੀ, 21 ਜੁਲਾਈ

ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਵੱਲੋਂ ਅੱਜ ਈਦ-ਉਲ-ਅਜ਼ਾ ਮੌਕੇ ਸਰਹੱਦ ਦੇ ਨਾਲ ਵੱਖ-ਵੱਖ ਥਾਵਾਂ ’ਤੇ ਇਕ-ਦੂਜੇ ਨੂੰ ਮਠਿਆਈ ਦਿੱਤੀ ਗਈ। ਸਾਲ 2019 ਵਿਚ ਪਾਕਿਸਤਾਨ ਵੱਲੋਂ ਇਹ ਰਸਮ ਛੱਡੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਦੋਹਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਨੇ ਮਿਲ ਕੇ ਤਿਉਹਾਰ ਮਨਾਇਆ ਹੈ।

5 ਅਗਸਤ 2019 ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਮਠਿਆਈ ਵਟਾਉਣ ਦੀ ਇਹ ਰਸਮ ਬੰਦ ਕਰ ਦਿੱਤੀ ਸੀ।

ਬੀਐੱਸਐੱਫ ਦੇ ਇਕ ਬੁਲਾਰੇ ਨੇ ਅੱਜ ਇੱਥੇ ਕਿਹਾ, ‘‘ਈਦ ਮੌਕੇ ਅੱਜ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦੇ ਅਟਾਰੀ ’ਚ ਸਥਿਤ ਸਾਂਝੀ ਚੈੱਕ ਪੋਸਟ ਵਿਖੇ ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਜ਼ ਵਿਚਾਲੇ ਮਠਿਆਈਆਂ ਵਟਾਈਆਂ ਗਈਆਂ।’’ ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਸਰਹੱਦ ਅਤੇ ਜੰਮੂ ਕਸ਼ਮੀਰ ਵਿਚ ਵੀ ਕੌਮਾਂਤਰੀ ਸਰਹੱਦ ਤੇ ਅਸਲ ਕੰਟਰੋਲ ਰੇਖਾ ਦੇ ਨਾਲ ਵੱਖ-ਵੱਖ ਪੁਆਇੰਟਾਂ ’ਤੇ ਦੋਹਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਨੇ ਇਕ-ਦੂਜੇ ਨੂੰ ਮਠਿਆਈ ਦਿੱਤੀ। -ਪੀਟੀਆਈ

ਕਰੋਨਾ ਦੀਆਂ ਸਾਵਧਾਨੀਆਂ ਨਾਲ ਦੇਸ਼ ਭਰ ’ਚ ਮਨਾਈ ਗਈ ਬਕਰੀਦ

ਨਵੀਂ ਦਿੱਲੀ: ਭਾਰਤ ਭਰ ਵਿਚ ਅੱਜ ਈਦ-ਉਲ-ਜ਼ੁਹਾ (ਬਕਰੀਦ) ਉਤਸ਼ਾਹ ਨਾਲ ਮਨਾਈ ਗਈ ਹਾਲਾਂਕਿ ਮਹਾਮਾਰੀ ਕਾਰਨ ਮਸਜਿਦਾਂ ਵਿਚ ਲੋਕਾਂ ਦੀ ਹਾਜ਼ਰੀ ਸੀਮਤ ਰਹੀ ਤੇ ਕਾਫ਼ੀ ਘੱਟ ਗਿਣਤੀ ’ਚ ਲੋਕਾਂ ਨੇ ਮਸਜਿਦਾਂ ਦੇ ਅੰਦਰ ਨਮਾਜ਼ ਅਦਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਬਾਰਕ ਮੌਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਟਵੀਟ ਕੀਤਾ ‘ਈਦ ਮੁਬਾਰਕ! ਈਦ-ਉਲ-ਜ਼ੁਹਾ ਮੌਕੇ ਸ਼ੁੱਭ ਇੱਛਾਵਾਂ। ਇਹ ਦਿਨ ਸੰਵੇਦਨਾ, ਸਦਭਾਵਨਾ, ਭਾਈਚਾਰਕ ਸਾਂਝ ਦੇ ਭਾਵ ਨੂੰ ਹੋਰ ਮਜ਼ਬੂਤ ਕਰੇ।’ ਯੂਪੀ ਵਿਚ ਲੋਕਾਂ ਨੇ ਜ਼ਿਆਦਾਤਰ ਘਰਾਂ ਵਿਚ ਰਹਿ ਕੇ ਹੀ ਈਦ ਮਨਾਈ। ਲਖ਼ਨਊ ਦੀ ਇਤਿਹਾਸਕ ਈਦਗ਼ਾਹ ’ਚ ਸਿਰਫ਼ 50 ਜਣਿਆਂ ਨੇ ਹੀ ਨਮਾਜ਼ ਅਦਾ ਕੀਤੀ। ਤਾਮਿਲਨਾਡੂ, ਕੇਰਲਾ, ਪੁੱਡੂਚੇਰੀ ਤੇ ਕਸ਼ਮੀਰ ਵਿਚ ਵੀ ਈਦ ਕਰੋਨਾਵਾਇਰਸ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਦਿਆਂ ਮਨਾਈ ਗਈ। ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਲੋਕਾਂ ਨੂੰ ਈਦ ਮੁਬਾਰਕ ਕਿਹਾ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਾਜ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। -ਪੀਟੀਆਈ

LEAVE A REPLY

Please enter your comment!
Please enter your name here