ਨਵੀਂ ਦਿੱਲੀ, 20 ਜੁਲਾਈ

ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀਆਂ ਦੀ ਜਾਸੂਸੀ ਕੀਤੀ ਗਈ, ਉਨ੍ਹਾਂ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ, ਅਨਿਰਬਾਨ ਭੱਟਾਚਾਰੀਆ, ਬੰਜਿਓਤਸਾਨਾ ਲਹਿਰੀ ਅਤੇ ਕਈ ਪ੍ਰਮੁੱਖ ਕਾਰਕੁਨਾਂ ਦੇ ਨਾਂ ਸ਼ਾਮਲ ਹਨ। ਕੌਮਾਂਤਰੀ ਮੀਡੀਆ ਸਮੂਹ ਦੀ ਰਿਪੋਰਟ ਵਿੱਚ ਅੱਜ ਇਹ ਦਾਅਵਾ ਕੀਤਾ ਗਿਆ ਹੈ।

ਬੇਲਾ ਭਾਟੀਆ

ਨਿਊਜ਼ ਪੋਰਟਲ ‘ਵਾਇਰ’ ਨੇ ਆਪਣੀ ਤੀਜੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਅੰਬੇਦਕਰਵਾਦੀ ਕਾਰਕੁਨ ਅਸ਼ੋਕ ਭਾਰਤੀ, ਨਕਸਲ ਪ੍ਰਭਾਵਿਤ ਖੇਤਰ ਵਿੱਚ ਕੰਮ ਕਰ ਰਹੀ ਬੇਲਾ ਭਾਟੀਆ, ਰੇਲਵੇ ਯੂਨੀਅਨ ਆਗੂ ਸ਼ਿਵ ਗੋਪਾਲ ਮਿਸ਼ਰਾ ਅਤੇ ਦਿੱਲੀ ਦੇ ਕਿਰਤ ਅਧਿਕਾਰ ਕਾਰਕੁਨ ਅੰਜਨੀ ਕੁਮਾਰ ਦੀ ਵੀ ਜਾਸੂਸੀ ਕੀਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਪੈਗਾਸਸ ਸਪਾਈਵੇਅਰ ਰਾਹੀਂ ਨਜ਼ਰ ਰੱਖੇ ਜਾਣ ਵਾਲੇ ਵਿਅਕਤੀਆਂ ਦੀ ਸੂਚੀ ਵਿੱਚ ਕੋਲਾ ਖਾਣਾਂ ਦਾ ਵਿਰੋਧ ਕਰਨ ਵਾਲੇ ਕਾਰਕੁਨ ਅਲੋਕ ਸ਼ੁਕਲਾ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਰੋਜ ਗਿਰੀ, ਬਸਤਰ ਦੇ ਸ਼ਾਂਤੀ ਕਾਰਕੁਨ ਸ਼ੁਭਰਾਂਸ਼ੂ ਚੌਧਰੀ ਅਤੇ ਬਿਹਾਰ ਦੇ ਕਾਰਕੁਨ ਇਪਸਾ ਸਾਕਸ਼ੀ ਸ਼ਾਮਲ ਹਨ। ਪੈਗਾਸਸ ਸਪਾਈਵੇਅਰ ਇਜ਼ਰਾਈਲ ਦੀ ਕੰਪਨੀ ਐੱਨਐੱਸਓ ਨੇ ਤਿਆਰ ਕੀਤਾ ਹੈ। ਹਾਲਾਂਕਿ ਕੇਂਦਰ ਸਰਕਾਰ ਪੈਗਾਸਸ ਸਾਫਟਵੇਅਰ ਰਾਹੀਂ ਭਾਰਤੀ ਨਾਗਰਿਕਾਂ ਦੀ ਜਾਸੂਸੀ ਕਰਨ ਸਬੰਧੀ ਰਿਪੋਰਟਾਂ ਨੂੰ ਰੱਦ ਕਰ ਚੁੱਕੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਇਹ ਦੋਸ਼ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਐਨ ਪਹਿਲਾਂ ਲਾਏ ਗਏ ਹਨ, ਜੋ ਇਤਫ਼ਾਕ ਨਹੀਂ ਹੋ ਸਕਦੇ। ਇਸ ਦਾ ਮਕਸਦ ਭਾਰਤੀ ਲੋਕਤੰਤਰ ਦੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਹੈ। ਅਸ਼ੋਕ ਭਾਰਤੀ ਆਲ ਇੰਡੀਆ ਅੰਬੇਦਕਰ ਮਹਾਸਭਾ ਦੇ ਚੇਅਰਮੈਨ ਹਨ।

ਉਮਰ ਖਾਲਿਦ

ਇਹ ਗਰੁੱਪ ਦਲਿਤ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਕਈ ਐਸੋਸੀਏਸ਼ਨਾਂ ਦਾ ਸੰਘ ਹੈ, ਜਿਸ ਨੇ ਸੁਪਰੀਮ ਕੋਰਟ ਦੇ ਐੱਸਸੀ ਤੇ ਐੱਸਟੀ (ਅਤਿਆਚਾਰ ਰੋਕੂ) ਕਾਨੂੰਨ ਸਬੰਧੀ ਆਏ ਫ਼ੈਸਲੇ ਖ਼ਿਲਾਫ਼ ਦੋ ਅਪਰੈਲ 2018 ਨੂੰ ਭਾਰਤ ਬੰਦ ਦੇ ਸੱਦੇ ਦੀ ਅਗਵਾਈ ਕੀਤੀ ਸੀ। ਵ੍ਹਟਸਐਪ ਨੇ ਵੀ ਸਾਲ 2019 ਵਿੱਚ ਕਾਰਕੁਨਾਂ ਸਰੋਜ ਗਿਰੀ, ਬੇਲਾ ਭਾਟੀਆ, ਅਲੋਕ ਸ਼ੁਕਲਾ ਅਤੇ ਸ਼ੁਭਰਾਂਸ਼ੂ ਚੌਧਰੀ ਨੂੰ ਪੈਗਾਸਸ ਸਾਫਟਵੇਅਰ ਰਾਹੀਂ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕੀਤਾ ਸੀ। ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਹਨ। ਦੋਵੇਂ ਦੇਸ਼ਧ੍ਰੋਹ ਦੇ ਕੇਸ ਦਾ ਸਾਹਮਣਾ ਕਰ ਰਹੇ ਹਨ। ‘ਵਾਇਰ’ ਨੇ ਇਹ ਰਿਪੋਰਟ 16 ਹੋਰ ਆਲਮੀ ਮੀਡੀਆ ਸੰਸਥਾਵਾਂ ਨਾਲ ਮਿਲ ਕੇ ਜਨਤਕ ਕੀਤੀ ਹੈ। -ਪੀਟੀਆਈ

ਫਰਾਂਸੀਸੀ ਰਾਸ਼ਟਰਪਤੀ ਮੈਕਰੋਂ ਤੇ 15 ਮੈਂਬਰਾਂ ਦੇ ਫੋਨਾਂ ਦੀ ਜਾਸੂਸੀ ਦੀ ਖ਼ਦਸ਼ਾ

ਪੈਰਿਸ: ਇਜ਼ਰਾਇਲ ਵੱਲੋਂ ਬਣਾਏ ਸਪਾਈਵੇਅਰ ਵੱਲੋਂ ਸਾਲ 2019 ਵਿੱਚ ਕਰਵਾਈ ਗਈ ਜਾਸੂਸੀ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਤੇ ਫਰਾਂਸ ਸਰਕਾਰ ਦੇ 15 ਮੈਂਬਰਾਂ ਦੇ ਸੈੱਲ ਫੋਨ ਸੰਭਾਵੀ ਨਿਸ਼ਾਨਾ ਰਹੇ ਹੋ ਸਕਦੇ ਹਨ। ਫਰਾਂਸ ਦੇ ਰੋਜ਼ਾਨਾ ਅਖਬਾਰ ‘ਲੇ ਮੌਂਡ’ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਮੈਂਕਰੋਂ ਤੇ ਤਤਕਾਲੀ ਸਰਕਾਰ ਦੇ ਮੈਂਬਰਾਂ ਦੇ ਨੰਬਰ ਸੰਭਾਵੀ ਜਾਸੂਸੀ ਲਈ ਐੱਨਐੱਸਓ ਕਲਾਇੰਟਾਂ ਵੱਲੋਂ ਕਥਿਤ ਤੌਰ ’ਤੇ ਚੁਣੇ ਗਏ ਨੰਬਰਾਂ ਵਿੱਚ ਸ਼ਾਮਲ ਸਨ। ਇਸ ਕੇਸ ਵਿੱਚ ਕਲਾਇੰਟ ਅਣਪਛਾਤੀ ਮੋਰੋਕੋਂ ਸੁਰੱਖਿਆ ਸੇਵਾ ਸੀ। ਦੂਜੇ ਪਾਸੇ, ਮੈਕਰੋਂ ਦੇ ਦਫ਼ਤਰ ਨੇ ਇਸ ਖਬਰ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਖ਼ਬਾਰ ਮੁਤਾਬਕ ਐੱਨਐੱਸਓ ਨੇ ਕਿਹਾ ਕਿ ਇਸਦੇ ਕਲਾਇੰਟਾਂ ਵੱਲੋਂ ਕਦੇ ਵੀ ਫਰਾਂਸਸੀ ਰਾਸ਼ਟਰਪਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

LEAVE A REPLY

Please enter your comment!
Please enter your name here