ਨਵੀਂ ਦਿੱਲੀ, 6 ਜੂਨ

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ, ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਊਰਜਾ ਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਆਰਕੇ ਸਿੰਘ ਨਾਲ ਮੁਲਾਕਾਤ ਕਰਕੇ 300 ਮੈਗਾਵਾਟ ਦੇ ਲਖਵਾੜ ਬਹੁਮੰਤਵੀ ਪ੍ਰਾਜੈਕਟ ਸਮੇਤ ਰਾਜ ਦੇ ਵਿਕਾਸ ਨਾਲ ਸਬੰਧਤ ਪ੍ਰਾਜੈਕਟਾਂ ਬਾਰੇ ਚਰਚਾ ਕੀਤੀ। ਮੁੱਖ ਮੰਤਰੀ ਨੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨਾਲ ਵੀ ਮੁਲਾਕਾਤ ਕੀਤੀ ਅਤੇ ਰਾਜ ’ਚ ਰੱਖਿਆ ਤੇ ਏਅਰੋਸਪੇਸ ਉਤਪਾਦਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ।

ਸ਼ੇਖਾਵਤ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਲਖਵਾੜ ਬਹੁਮੰਤਵੀ ਪ੍ਰਾਜੈਕਟ ’ਤੇ ਚਰਚਾ ਕੀਤੀ ਅਤੇ ਇਸ ਸਬੰਧ ’ਚ ਕੇਂਦਰੀ ਮੰਤਰੀ ਮੰਡਲ ਦੀ ਜ਼ਰੂਰੀ ਮਨਜ਼ੂਰੀ ਦੀ ਅਪੀਲ ਕੀਤੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕੌਮੀ ਮਹੱਤਵ ਦੇ ਇਸ ਪ੍ਰਾਜੈਕਟ ਨਾਲ ਉੱਤਰਾਖੰਡ ਸਮੇਤ ਪੰਜ ਰਾਜਾਂ ਨੂੰ ਸਿੰਜਾਈ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਾਲ-ਨਾਲ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਸ਼ੇਖਾਵਤ ਨੇ ਇਸ ਸਬੰਧੀ ਸੂਬਾ ਸਰਕਾਰ ਨੂੰ ਹਰ ਸੰਭਵ ਕੇਂਦਰੀ ਸਹਿਯੋਗ ਦਾ ਭਰੋਸਾ ਦਿੱਤਾ ਹੈ। ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਰਿਸ਼ੀਕੇਸ਼ ਤੇ ਹਲਦਵਾਨੀ ’ਚ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਰਾਹੀਂ ਕੋਵਿਡ ਕੇਅਰ ਸੈਂਟਰਾਂ ਦੀ ਸਥਾਪਨਾ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਿਹਤ ਖੇਤਰ ’ਚ ਇਹ ਉੱਤਰਾਖੰਡ ਲਈ ਵੱਡੀ ਸੌਗਾਤ ਹੈ। ਬਿਆਨ ਮੁਤਾਬਕ ਰੱਖਿਆ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੇ ਸੀਮਾਂਤ ਜ਼ਿਲ੍ਹੇ ਰਣਨੀਤਕ ਤੌਰ ’ਤੇ ਅਹਿਮ ਹਨ ਅਤੇ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਹਰ ਸੰਭਵ ਸਹਿਯੋਗ ਕਰੇਗੀ। ਕੇਂਦਰੀ ਮੰਤਰੀ ਆਰਕੇ ਸਿੰਘ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਰਾਜ ਸਰਕਾਰ ਵੱਲੋਂ ਗਰੀਨ ਐਨਰਜੀ ਖੇਤਰ ਦੇ ਪ੍ਰਾਜੈਕਟਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜ ਕੇ ਉਤਸ਼ਾਹਿਤ ਕਰਨ ਦੇ ਫ਼ੈਸਲੇ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਕੋਵਿਡ-19 ਦੌਰਾਨ ਰਾਜ ਦੇ ਹਸਪਤਾਲਾਂ ’ਚ ਆਕਸੀਜਨ ਸਪਲਾਈ ’ਚ ਅੜਿੱਕਾ ਨਾ ਪਵੇ, ਇਸ ਲਈ ਬੇਰੋਕ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਹੈ। -ਪੀਟੀਆਈ

LEAVE A REPLY

Please enter your comment!
Please enter your name here