ਲਖਨਊ, 8 ਜੂਨ

ਉਤਰ ਪ੍ਰਦੇਸ਼ ਸਰਕਾਰ ਨੇ ਹਰੇਕ ਜ਼ਿਲ੍ਹੇ ਵਿੱਚੋਂ ਕਰੋਨਾਵਾਇਰਸ ਦੇ 600 ਤੋਂ ਘੱਟ ਕੇਸ ਆਉਣ ਦੇ ਮੱਦੇਨਜ਼ਰ ਸਾਰੇ 75 ਜ਼ਿਲ੍ਹਿਆਂ ਵਿੱਚ ਕਰੋਨਾ ਪਾਬੰਦੀਆਂ ਵਿੱਚ ਰਾਹਤ ਜਾਰੀ ਰੱਖੀ ਹੈ। ਅਧਿਕਾਰਤ ਬੁਲਾਰੇ ਨੇ ਕਿਹਾ ਕਿ ਸੂਬੇ ਵਿੱਚ ਰਾਤ ਦਾ ਕਰਫਿਊ ਸ਼ਾਮ 7.00 ਵਜੇ ਤੋਂ ਸਵੇਰੇ 7.00 ਵਜੇ ਤੱਕ ਅਤੇ ਹਫ਼ਤਾਵਾਰੀ ਕਰਫਿਊ ਜਾਰੀ ਰਹੇਗਾ। ਸੋਮਵਾਰ ਨੂੰ ਮੇਰਠ, ਲਖਨਊ ਅਤੇ ਗੋਰਖਪੁਰ ਨੂੰ ਛੱਡ ਕੇ 72 ਜ਼ਿਲ੍ਹਿਆਂ ਨੂੰ ਕੁੱਝ ਰਾਹਤ ਦਿੱਤੀ ਗਈ ਸੀ। ਬੁਲਾਰੇ ਨੇ ਕਿਹਾ, ‘‘ਬੁੱਧਵਾਰ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਫ਼ਤੇ ’ਚੋਂ ਪੰਜ ਦਿਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰਫਿਊ ਵਿੱਚ ਢਿੱਲ ਜਾਰੀ ਰਹੇਗੀ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਵਿਡ ਕੇਸ 600 ਦੇ ਅੰਕੜੇ ਤੋਂ ਹੇਠਾਂ ਰਹੇ ਹਨ।’’ ਇਹ ਫ਼ੈਸਲਾ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਅਗਵਾਈ ਵਿੱਚ ਕੋਵਿਡ-19 ਦੇ ਮੁਲਾਂਕਣ ਸਬੰਧੀ ਹੋਈ ਉੱਚ ਪੱਧਰੀ ਵਰਚੁਅਲੀ ਮੀਟਿੰਗ ਵਿੱਚ ਲਿਆ ਗਿਆ। ਬੁਲਾਰੇ ਨੇ ਕਿਹਾ ਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਿਰਫ਼ 797 ਨਵੇਂ ਕੇਸ ਦਰਜ ਹੋਏ

ਹਨ। ਇਸ ਸਮੇਂ ਸੂਬੇ ਵਿੱਚ 14000 ਕੇਸ ਸਰਗਰਮ ਹਨ। ਸੋਮਵਾਰ ਤੱਕ 2.85 ਲੱਖ ਕੋਵਿਡ ਟੈਸਟ ਹੋ ਚੁੱਕੇ ਹਨ, ਜਦੋਂਕਿ ਸਿਹਤਯਾਬੀ ਦਰ 97.9 ਫ਼ੀਸਦੀ ’ਤੇ ਪਹੁੰਚ ਗਈ ਹੈ।

ਵਧੀਕ ਪ੍ਰਮੁੱਖ ਸਕੱਤਰ (ਗ੍ਰਹਿ) ਅਵਨੀਸ਼ ਕੁਮਾਰ ਅਵਸਥੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਪ੍ਰਮੁੱਖ ਸਕੱਤਰ ਆਰਕੇ ਤਿਵਾੜੀ ਵੱਲੋਂ 30 ਮਈ ਨੂੰ ਜਾਰੀ ਕੀਤੇ ਸਰਕਾਰੀ ਆਦੇਸ਼ ਦੇ ਆਧਾਰ ’ਤੇ ਕਰਫਿਊ ਵਿੱਚ ਰਾਹਤ ਦਿੱਤੀ ਜਾਵੇਗੀ। ਪ੍ਰਮੁੱਖ ਸਕੱਤਰ ਤਿਵਾੜੀ ਦੇ ਆਦੇਸ਼ਾਂ ਮੁਤਾਬਕ, ਕੰਟੇਨਮੈਂਟ ਜ਼ੋਨ ਦੇ ਬਾਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। -ਪੀਟੀਆਈ

ਬਿਹਾਰ ’ਚ ਅੱਜ ਤੋਂ ਲੌਕਡਾਊਨ ਖਤਮ

ਪਟਨਾ: ਬਿਹਾਰ ਸਰਕਾਰ ਨੇ ਕਰੋਨਾਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਪੰਜ ਮਈ ਤੋਂ ਲਾਇਆ ਲੌਕਡਾਊਨ ਭਲਕੇ 9 ਜੂਨ ਤੋਂ ਖਤਮ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਰਾਤ ਸਮੇਂ ਦਾ ਕਰਫਿਊ ਜਾਰੀ ਰਹੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਲੌਕਡਾਊਨ ਨਾਲ ਕਰੋਨਾਵਾਇਰਸ ਦੇ ਕੇਸਾਂ ’ਚ ਕਮੀ ਆਈ ਹੈ। ਇਸ ਲਈ ਲੌਕਡਾਊਨ ਖਤਮ ਕੀਤਾ ਜਾਂਦਾ ਹੈ ਪਰ ਸ਼ਾਮ ਸੱਤ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਜਾਰੀ ਰਹੇਗਾ। 50 ਫੀਸਦ ਦੀ ਹਾਜ਼ਰੀ ਨਾਲ ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਖੁੱਲ੍ਹ ਸਕਣਗੇ। ਦੁਕਾਨਾਂ ਸ਼ਾਮ ਪੰਜ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।’ ਉਨ੍ਹਾਂ ਕਿਹਾ ਕਿ ਆਨਲਾਈਨ ਸਿੱਖਿਆ ਕਾਰਜ ਚਲਾਏ ਜਾ ਸਕਣਗੇ। ਨਿੱਜੀ ਵਾਹਨ ਚੱਲਣ ਦੀ ਇਜਾਜ਼ਤ ਰਹੇਗੀ। ਇਹ ਪ੍ਰਬੰਧ ਅਗਲੇ ਹਫ਼ਤੇ ਤੱਕ ਰਹੇਗਾ। ਹੁਣ ਵੀ ਭੀੜ ਤੋਂ ਬਚਣ ਦੀ ਲੋੜ ਹੈ। -ਪੀਟੀਆਈ

LEAVE A REPLY

Please enter your comment!
Please enter your name here