ਅਯੁੱਧਿਆ, 3 ਅਗਸਤ

ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ 12 ਸਾਲਾ ਬੱਚੀ ਨਾਲ ਜਬਰ-ਜਨਾਹ ਦੇ ਕਥਿਤ ਦੋਸ਼ੀ ਮੋਈਦ ਖਾਨ ਦੀ ਬੇਕਰੀ ਅੱਜ ਢਾਹ ਦਿੱਤੀ। ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੈ ਸਿੰਘ ਨੇ ਦੱਸਿਆ, ‘‘ਮੋਈਦ ਖਾਨ ਦੀ ਬੇਕਰੀ ਢਾਹ ਦਿੱਤੀ ਗਈ ਹੈ। ਇਸ ਬੇਕਰੀ ਵਿੱਚ ਇਕ ਵੱਡਾ ਅਤੇ ਇਕ ਛੋਟਾ ਕਮਰਾ ਸੀ। ਬੇਕਰੀ ਨਾਜਾਇਜ਼ ਤੌਰ ’ਤੇ ਇਕ ਤਲਾਬ ’ਤੇ ਬਣਾਈ ਹੋਈ ਸੀ, ਜਿਸ ਕਰ ਕੇ ਇਸ ਨੂੰ ਢਾਹ ਦਿੱਤਾ ਗਿਆ ਹੈ।’’ ਇਸ ਤੋਂ ਪਹਿਲਾਂ, ਪੁਲੀਸ ਨੇ ਬੱਚੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ 30 ਜੁਲਾਈ ਨੂੰ ਅਯੁੱਧਿਆ ਜ਼ਿਲ੍ਹੇ ਦੇ ਪੂਰਾਕਲੰਦਰ ਇਲਾਕੇ ਤੋਂ ਬੇਕਰੀ ਦੇ ਮਾਲਕ ਮੋਈਦ ਖਾਨ ਅਤੇ ਉਸ ਦੇ ਕਰਮਚਾਰੀ ਰਾਜੂ ਖਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਮੋਈਦ ਤੇ ਰਾਜੂ ਨੇ ਦੋ ਮਹੀਨੇ ਪਹਿਲਾਂ ਨਾਬਾਲਗ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਅਤੇ ਇਸ ਦੀ ਰਿਕਾਰਡਿੰਗ ਵੀ ਕੀਤੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਹਾਲ ਹੀ ਵਿੱਚ ਮੈਡੀਕਲ ਜਾਂਚ ’ਚ ਪੀੜਤਾ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਇਹ ਮਾਮਲਾ ਉਦੋਂ ਸਿਆਸੀ ਰੂਪ ਧਾਰਨ ਕਰ ਗਿਆ ਜਦੋਂ ਦਾਅਵਾ ਕੀਤਾ ਗਿਆ ਕਿ ਮੋਈ ਸਮਾਜਵਾਦੀ ਪਾਰਟੀ ਦਾ ਵਰਕਰ ਹੈ। -ਪੀਟੀਆਈ

LEAVE A REPLY

Please enter your comment!
Please enter your name here