ਹਰਜੀਤ ਸਿੰਘ

ਡੇਰਾਬੱਸੀ, 20 ਜੁਲਾਈ

ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਅੱਜ ਦੇਸ਼ ਦੀ ਸਭ ਤੋਂ ਬਿਰਧ ਦੌੜਾਕ 105 ਸਾਲਾ ਬੀਬੀ ਮਾਨ ਕੌਰ ਦਾ ਹਾਲ ਪੁੱਛਣ ਲਈ ਡੇਰਾਬੱਸੀ ਨੇੜੇ ਸਥਿਤ ਪਿੰਡ ਦੇਵੀਨਗਰ ਵਿੱਚ ਸ਼ੁੱਧੀ ਆਯੁਰਵੈਦਿਕ ਹਸਪਤਾਲ ਪੁੱਜੇ। ਮਾਨ ਕੌਰ ਕੈਂਸਰ ਨਾਲ ਜੂਝ ਰਹੀ ਹੈ। ਇਸ ਮੌਕੇ ਵਿਧਾਇਕ ਨੇ ਬੀਬੀ ਮਾਨ ਕੌਰ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਭਵਿੱਖ ਵਿੱਚ ਵੀ ਇਲਾਜ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਸ ਖੇਤਰ ਵਿਚ ਕਾਰਗੁਜ਼ਾਰੀ ਨਾਂ ਦੇ ਬਰਾਬਰ ਰਹੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਸੀ। ਖੇਡਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸਰਕਾਰੀ ਨੌਕਰੀਆਂ ਵਿਚ ਪਹਿਲ ਦਿੱਤੀ ਗਈ ਤਾਂ ਕਿ ਖੇਡਾਂ ਦੇ ਖੇਤਰ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ। ਖੇਡਾਂ ਹੀ ਇਕ ਅਜਿਹਾ ਖੇਤਰ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਇਸ ਮੁਸ਼ਕਲ ਦੀ ਘੜੀ ਵਿਚ ਸਰਕਾਰ ਤੋਂ ਬੀਬੀ ਮਾਨ ਕੌਰ ਦੀ ਮਦਦ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਈਸਾਪੁਰ, ਭੁਪਿੰਦਰ ਸੈਣੀ, ਯੂਥ ਆਗੂ ਤਰਨਬੀਰ ਸਿੰਘ ਟਿੰਮੀ ਪੂਨੀਆ ਸਮੇਤ ਹੋਰ ਆਗੂ ਹਾਜ਼ਰ ਸਨ। 

LEAVE A REPLY

Please enter your comment!
Please enter your name here