ਟੋਕੀਓ: ਭਾਰਤੀ ਅਥਲੀਟਾਂ ਤੇ ਖਿਡਾਰੀਆਂ ਦਾ 88 ਮੈਂਬਰੀ ਪਹਿਲਾ ਜਥਾ ਅੱਜ ਓਲੰਪਿਕ ਲਈ ਟੋਕੀਓ ਪਹੁੰਚ ਗਿਆ ਹੈ। ਭਾਰਤ ਤੋਂ ਆਉਣ ਵਾਲੇ ਜਥੇ ਵਿੱਚ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ, ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੈਰੀਕੌਮ, ਅੱਵਲ ਦਰਜੇ ਦਾ ਮੁੱਕੇਬਾਜ਼ ਅਮਿਤ ਪੰਘਾਲ, ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਸਮੇਤ ਤੀਰਅੰਦਾਜ਼ੀ, ਬੈਡਮਿੰਟਨ, ਟੇਬਲ ਟੈਨਿਸ, ਹਾਕੀ (ਪੁਰਸ਼ ਤੇ ਮਹਿਲਾ ਵਰਗ), ਜੂਡੋ, ਜਿਮਨਾਸਟਿਕ ਅਤੇ ਤੈਰਾਕੀ ਦੇ ਹੋਰ ਖਿਡਾਰੀ, ਸਹਿਯੋਗੀ ਸਟਾਫ ਅਤੇ ਅਧਿਕਾਰੀ ਸ਼ਾਮਲ ਹਨ। ਜਥੇ ਦੇ ਇੱਕ ਮੈਂਬਰ ਨੇ ਦੱਸਿਆ, ‘‘ਟੋਕੀਓ ਹਵਾਈ ਅੱਡੇ ’ਤੇ ਸਾਡਾ ਕਰੋਨਾ ਟੈਸਟ ਹੋਇਆ, ਜਿੱਥੇ ਸਾਨੂੰ ਛੇ ਘੰਟੇ ਇੰਤਜ਼ਾਰ ਕਰਨਾ ਪਿਆ। ਸਾਰੀਆਂ ਰਿਪੋਰਟਾਂ ਠੀਕ ਆਈਆਂ ਹਨ ਅਤੇ ਅਸੀਂ ਸਾਰੇ ਖੇਡ ਪਿੰਡ ਪਹੁੰਚ ਗਏ ਹਾਂ।’’ ਵਿਦੇਸ਼ਾਂ ਵਿੱਚ ਅਭਿਆਸ ਕਰਨ ਵਾਲੇ ਕੁੱਝ ਭਾਰਤੀ ਖਿਡਾਰੀ ਪਹਿਲਾਂ ਹੀ ਟੋਕੀਓ ਪਹੁੰਚ ਚੁੱਕੇ ਹਨ। -ਪੀਟੀਆਈ

ਖੇਡ ਪਿੰਡ ਵਿੱਚ ਦੋ ਖਿਡਾਰੀਆਂ ਸਣੇ ਤਿੰਨ ਕਰੋਨਾ ਪਾਜ਼ੇਟਿਵ

ਟੋਕੀਓ: ਓਲੰਪਿਕ ਖੇਡ ਪਿੰਡ ਵਿੱਚ ਰਹਿ ਰਹੇ ਦੋ ਖਿਡਾਰੀਆਂ ਸਣੇ ਕੁੱਲ ਤਿੰਨ ਖਿਡਾਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਟੋਕੀਓ ਓਲੰਪਿਕ ਪ੍ਰਬੰਧਕ ਕਮੇਟੀ ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰਬੰਧਕਾਂ ਨੇ ਕਰੋਨਾ ਦੀ ਲਾਗ ਲੱਗਣ ਵਾਲੇ ਖਿਡਾਰੀਆਂ ਦੀ ਪਛਾਣ ਜਨਤਕ ਨਹੀਂ ਕੀਤੀ। ਕਮੇਟੀ ਵੱਲੋਂ ਕਰੋਨਾ ਪਾਜ਼ੇਟਿਵ ਮਾਮਲਿਆਂ ਦੀ ਜਾਰੀ ਸੂਚੀ ਅਨੁਸਾਰ ਦਿਨ ਵਿੱਚ ਕੁੱਲ 10 ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ ਖੇਡਾਂ ਨਾਲ ਸਬੰਧਿਤ ਪੰਜ ਵਿਅਕਤੀ, ਇੱਕ ਠੇਕੇਦਾਰ ਅਤੇ ਇੱਕ ਪੱਤਰਕਾਰ ਵੀ ਸ਼ਾਮਲ ਹੈ।

LEAVE A REPLY

Please enter your comment!
Please enter your name here