ਟੋਕੀਓ, 19 ਜੁਲਾਈ

ਚੈੱਕ ਗਣਰਾਜ ਦਾ ਬੀਚ ਵਾਲੀਬਾਲ ਖਿਡਾਰੀ ਓਂਦਰੇਜ ਪੇਰੁਸਿਕ ਓਲੰਪਿਕ ਖੇਡ ਪਿੰਡ ਵਿੱਚ ਕੋਵਿਡ-19 ਲਈ ਪਾਜ਼ੇਟਿਵ ਨਿਕਲਣ ਵਾਲਾ ਤੀਜਾ ਅਥਲੀਟ ਬਣ ਗਿਆ ਹੈ ਜਦੋਂਕਿ ਸ਼ੀਬਾ ਵਿੱਚ ਸਿਖਲਾਈ ਲੈ ਰਹੀ ਅਮਰੀਕੀ ਮਹਿਲਾ ਜਿਮਨਾਸਟ ਕਾਰਾ ਈਕਰ ਵੀ ਅੱਜ ਕਰੋਨਾ ਦੀ ਮਾਰ ਹੇਠ ਆ ਗਈ ਹੈ। ਹੁਣ ਜਦੋਂ ਟੋਕੀਓ ਓਲੰਪਿਕਸ ਦੇ ਆਗਾਜ਼ ਵਿੱਚ ਚਾਰ ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ ਤਾਂ ਖੇਡ ਪਿੰਡ ’ਚੋਂ ਕਰੋਨਾ ਕੇਸਾਂ ਦਾ ਨਿਯਮਤ ਰਿਪੋਰਟ ਹੋਣਾ ‘ਖੇਡ ਮਹਾਕੁੰਭ’ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਦੱਖਣੀ ਅਫਰੀਕਾ ਦੀ ਫੁਟਬਾਲ ਟੀਮ ਦੇ ਦੋ ਖਿਡਾਰੀਆਂ ਥਾਬੀਸੋ ਮੋਨਯਾਨੇ ਤੇ ਕਾਮੋਹੇਲੋ ਮਾਹਲਤਸੀ ਨੂੰ ਕਰੋਨਾ ਦੀ ਲਾਗ ਚਿੰਬੜਨ ਦਾ ਖੁਲਾਸਾ ਹੋਇਆ ਸੀ। ਪੇਰੁਸਿਕ ਚੈੱਕ ਗਣਰਾਜ ਦੇ ਖੇਡ ਦਲ ’ਚੋਂ ਰਿਪੋਰਟ ਹੋਇਆ ਦੂਜਾ ਪਾਜ਼ੇਟਿਵ ਕੇਸ ਸੀ। ਟੋਕੀਓ ਓਲੰਪਿਕਸ ਦੀ ਪ੍ਰਬੰਧਕ ਕਮੇਟੀ ਹੁਣ ਤੱਕ ਖੇਡਾਂ ਨਾਲ ਸਬੰਧਤ 58 ਕੋਵਿਡ-19 ਕੇਸਾਂ ਦੀ ਪੁਸ਼ਟੀ ਕਰ ਚੁੱਕੀ ਹੈ। ਚੈੱਕ ਗਣਰਾਜ ਦੇ ਅਧਿਕਾਰਤ ਓਲੰਪਿਕ ਟੀਮ ਹੈਂਡਲ ਤੋਂ ਆਈ ਪੋਸਟ ’ਚ ਲਿਖਿਐ, ‘‘ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਬੀਚ ਵਾਲੀਬਾਲ ਖਿਡਾਰੀ ਓਂਦਰੇਜ ਪੇਰੁਸਿਕ ਕੋਵਿਡ-19 ਦੀ ਲਾਗ ਦਾ ਸ਼ਿਕਾਰ ਹੋ ਗਿਆ। ਹਾਲ ਦੀ ਘੜੀ ਉਸ ਵਿੱਚ ਕੋਈ ਲੱਛਣ ਨਹੀਂ ਹਨ ਤੇ ਉਸ ਨੂੰ ਨੇਮਾਂ ਮੁਤਾਬਕ ਇਕਾਂਤਵਾਸ ਕਰ ਦਿੱਤਾ ਗਿਆ ਹੈ।’’ ਪੇਰੁਸਿਕ ਤੇ ਉਸ ਦੇ ਜੋੜੀਦਾਰ ਡੈਵਿਡ ਸ਼ਵਾਈਨਰ ਨੇ ਆਪਣਾ ਪਲੇਠਾ ਮੈਚ 26 ਜੁਲਾਈ ਨੂੰ ਖੇਡਣਾ ਸੀ ਤੇ ਚੈੱਕ ਟੀਮ ਵੱਲੋਂ ਹੁਣ ਉਨ੍ਹਾਂ ਦਾ ਮੈਚ ਅੱਗੇ ਪਾਉਣ ਦੀ ਦਰਖਾਸਤ ਦਿੱਤੀ ਜਾਵੇਗੀ। ਉਧਰ ‘ਕਿਓਡੋ’ ਖ਼ਬਰ ਏਜੰਸੀ ਨੇ ਮਗਰੋਂ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ‘ਅਮਰੀਕਾ ਦੀ ਮਹਿਲਾ ਜਿਮਨਾਸਟ’ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਪਾਈ ਗਈ ਹੈ। ਜਿਮਨਾਸਟ, ਜੋ ਕਿ ਅਜੇ ਮੁਟਿਆਰ ਉਮਰ ਦੀ ਹੈ, ਨੂੰ ਟੋਕੀਓ ਵਿੱਚ ਹੀ ਓਲੰਪਿਕ ਸਿਖਲਾਈ ਕੈਂਪ ਦੌਰਾਨ ਲਾਗ ਚਿੰਬੜੀ ਹੈ। ਅਮਰੀਕਾ ਦੀ ਓਲੰਪਿਕ ਤੇ ਪੈਰਾਲੰਪਿਕ ਕਮੇਟੀ ਨੇ ਇਕ ਬਿਆਨ ’ਚ ਕਿਹਾ ਕਿ ਜਿਹੜੀ ਮਹਿਲਾ ਜਿਮਨਾਸਟ ਕਰੋਨਾ ਲਈ ਪਾਜ਼ੇਟਿਵ ਨਿਕਲੀ ਹੈ, ਉਹ ਬਦਲਵੇਂ ਖਿਡਾਰੀਆਂ ’ਚ ਸ਼ੁਮਾਰ ਸੀ। -ਪੀਟੀਆਈ

LEAVE A REPLY

Please enter your comment!
Please enter your name here