ਜੋਗਿੰਦਰ ਸਿੰਘ ਮਾਨ

ਮਾਨਸਾ, 27 ਫਰਵਰੀ

ਨੇੜਲੇ ਪਿੰਡ ਜੋਗਾ ਵਿੱਚ ਇੱਕ ਔਰਤ ਨੇ ਪਤੀ ਤੇ ਧੀ ਨਾਲ ਮਿਲ ਕੇ ਆਪਣੀ ਭੈਣ ਦੇ ਘਰ ਹੀ ਪਿਸਤੌਲ ਦਿਖਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਇਸ ਘਟਨਾ ਵਿੱਚ ਵਰਤੇ ਹਥਿਆਰ, ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਕਿਉਂ ਦਿੱਤਾ ਗਿਆ ਹੈ। ਪੁਲੀਸ ਇਸ ਸਬੰਧੀ ਤਫਤੀਸ਼ ਕਰ ਰਹੀ ਹੈ।

ਪਿੰਡ ਜੋਗਾ ਦੀ ਔਰਤ ਕਰਮਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਬਠਿੰਡਾ ਰਹਿੰਦੀ ਉਸਦੀ ਭਾਣਜੀ ਅਰਸ਼ਨੂਰ ਕੌਰ ਉਸ ਕੋਲ ਆਈ ਹੋਈ ਸੀ। ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਅਰਸ਼ਨੂਰ ਨੇ ਆਪਣੇ ਪਿਤਾ ਈਸ਼ਵਰ ਸਿੰਘ ਅਤੇ ਮਾਂ ਸੁਖਵਿੰਦਰ ਕੌਰ ਨੂੰ ਬੁਲਾ ਲਿਆ। ਉਸਨੇ ਦੱਸਿਆ ਕਿ ਯੋਜਨਾ ਮੁਤਾਬਕ ਈਸ਼ਵਰ ਸਿੰਘ ਉਸ ਦੀ ਪਤਨੀ ਸੁਖਵਿੰਦਰ ਕੌਰ ਉੱਥੇ ਆਏ ਅਤੇ ਉਨ੍ਹਾਂ ਨੇ ਆਉਣ ਸਾਰ ਕਰਮਜੀਤ ਕੌਰ ’ਤੇ ਪਿਸਤੌਲ ਤਾਣ ਲਈ ਅਤੇ ਗੋਲੀ ਮਾਰਨ ਦੀ ਧਮਕੀ ਦਿੰਦਿਆ 15 ਹਜ਼ਾਰ ਰੁਪਏ ਦੀ ਨਕਦੀ, ਕੁੱਝ ਗਹਿਣੇ ਅਤੇ ਇੱਕ ਚੈੱਕ ਉੱਤੇ ਦਸਤਖ਼ਤ ਕਰਵਾ ਲਏ। ਜਦੋਂ ਉਸਨੇ ਰੌਲਾ ਪਾਇਆ ਤਾਂ ਘਰ ਵਿੱਚ ਗੁਆਂਢੀ ਪਹੁੰਚੇ।

ਕਰਮਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਗੁਆਂਢੀਆਂ ਦੇ ਆਉਣ ਮਗਰੋਂ ਉਨ੍ਹਾਂ ਨੇ ਕੋਈ ਜ਼ਹਿਰੀਲਾ ਛਿੜਕਾਅ ਕਰ ਦਿੱਤਾ। ਉਸਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਸੁਖਵਿੰਦਰ ਕੌਰ, ਜੀਜਾ ਈਸ਼ਵਰ ਸਿੰਘ, ਭਾਣਜੀ ਅਰਸ਼ਨੂਰ ਕੌਰ ਵਾਸੀ ਤਲਵੰਡੀ ਸਾਬੋ ਅਤੇ ਪਲਵਿੰਦਰ ਸਿੰਘ ਵਾਸੀ ਜੱਜਲ ਚਾਰਾਂ ਨੇ ਮਿਲ ਕੇ ਉਸ ’ਤੇ ਹਮਲਾ ਕੀਤਾ ਹੈ।

ਥਾਣਾ ਜੋਗਾ ਦੀ ਮੁਖੀ ਬੇਅੰਤ ਕੌਰ ਨੇ ਦੱਸਿਆ ਕਿ ਪੀੜਤਾ ਕਰਮਜੀਤ ਕੌਰ ਦੀ ਸ਼ਿਕਾਇਤ ’ਤੇ ਉਸਦੇ ਜੀਜਾ ਈਸ਼ਵਰ ਸਿੰਘ, ਭੈਣ ਸੁਖਵਿੰਦਰ ਕੌਰ, ਭਾਣਜੀ ਅਰਸ਼ਨੂਰ ਕੌਰ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪਲਵਿੰਦਰ ਸਿੰਘ ਜੱਜਲ ਹਾਲੇ ਫ਼ਰਾਰ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਕੋਲੋਂ 32 ਬੋਰ ਦਾ ਰਿਵਾਲਵਰ, ਸੱਤ ਕਾਰਤੂਸ, ਇੱਕ ਨਕਲੀ ਖਿਡੌਣਾ ਪਿਸਤੌਲ, ਇੱਕ ਚਾਕੂ, 15 ਹਜ਼ਾਰ ਰੁਪਏ ਦੀ ਨਕਦੀ ਅਤੇ ਰੈੱਡ ਚਿੱਲੀ ਸੁਪਾਰੀ (ਦਵਾਈ) ਬਰਾਮਦ ਕਰ ਲਏ ਹਨ।

LEAVE A REPLY

Please enter your comment!
Please enter your name here