ਹਰਿਦੁਆਰ, 10 ਜੂਨ

ਕੋਵਿਡ ਟੀਕਾਕਰਨ ਮੁਹਿੰਮ ਦੇ ਨਵੇਂ ਐਲਾਨਾਂ ਅਤੇ ਸਾਰੇ ਸਰਕਾਰੀ ਹਸਪਤਾਲਾਂ ’ਚ 21 ਜੂਨ ਤੋਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਮੁਫ਼ਤ ’ਚ ਟੀਕੇ ਲਾਏ ਜਾਣ ਦੇ ਐਲਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਯੋਗ ਗੁਰੂ ਰਾਮਦੇਵ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੀ ਟੀਕੇ ਲਗਵਾਉਣ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਛੇਤੀ ਹੀ ਕਰੋਨਾ ਤੋਂ ਬਚਾਅ ਦਾ ਟੀਕਾ ਲਗਵਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਗਾਂ ਤੋਂ ਬਚਾਅ ਅਤੇ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਰੋਕਣ ਲਈ ਯੋਗ ਅਤੇ ਆਯੁਰਵੈਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਮਦੇਵ ਅਤੇ ਐਲੋਪੈਥੀ ਦੇ ਡਾਕਟਰਾਂ ਵਿਚਕਾਰ ਟਕਰਾਅ ਪੈਦਾ ਹੋ ਗਿਆ ਸੀ ਜਿਸ ਕਾਰਨ ਆਈਐੱਮਏ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਾਉਣ ਦੇ ਨਾਲ ਨਾਲ ਇਕ ਹਜ਼ਾਰ ਕਰੋੜ ਰੁਪਏ ਦੇ ਮਾਣਹਾਨੀ ਦਾ ਨੋਟਿਸ ਦਿੱਤਾ ਹੋਇਆ ਹੈ। ਡਰੱਗ ਮਾਫੀਆ ਬਾਰੇ ਟਿੱਪਣੀ ਕਰਦਿਆਂ ਯੋਗ ਗੁਰੂ ਨੇ ਕਿਹਾ,‘‘ਅਸੀਂ ਕਿਸੇ ਸੰਸਥਾ ਨਾਲ ਕੋਈ ਦੁਸ਼ਮਣੀ ਨਹੀਂ ਰੱਖ ਸਕਦੇ ਹਾਂ। ਸਾਰੇ ਵਧੀਆ ਡਾਕਟਰ ਰੱਬ ਵੱਲੋਂ ਧਰਤੀ ’ਤੇ ਭੇਜੇ ਗਏ ਉਸ ਦੇ ਦੂਤ ਹਨ। ਉਹ ਧਰਤੀ ਲਈ ਤੋਹਫ਼ਾ ਹਨ ਪਰ ਜੇਕਰ ਕੋਈ ਡਾਕਟਰ ਕੁਝ ਗਲਤ ਕਰਦਾ ਹੈ ਤਾਂ ਇਹ ਇਕੱਲੇ ਉਸ ਦੀ ਗਲਤੀ ਹੈ। ਪ੍ਰਧਾਨ ਮੰਤਰੀ ਜਨ ਔਸ਼ਧੀ ਸਟੋਰ ਖੋਲ੍ਹੇ ਜਾਣੇ ਚਾਹੀਦੇ ਹਨ ਕਿਉਂਕਿ ਡਰੱਗ ਮਾਫ਼ੀਏ ਨੇ ਚਮਕਦਾਰ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਜਿਥੇ ਉਹ ਮਹਿੰਗੇ ਭਾਅ ’ਤੇ ਬੇਲੋੜੀਆਂ ਦਵਾਈਆਂ ਵੇਚ ਰਹੇ ਹਨ।’ ਰਾਮਦੇਵ ਨੇ ਕਿਹਾ ਕਿ ਜਿਹੜੇ ਡਾਕਟਰ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਉਹ ਸੰਸਥਾਨ ਰਾਹੀਂ ਅੱਗੇ ਨਹੀਂ ਆ ਰਹੇ ਹਨ। ਐਲੋਪੈਥੀ ਅਤੇ ਆਯੁਰਵੈਦ ਵਿਚਕਾਰ ਵਿਵਾਦ ਮਗਰੋਂ ਯੋਗ ਗੁਰੂ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਐਲੋਪੈਥੀ ਐਮਰਜੈਂਸੀ ਕੇਸਾਂ ਅਤੇ ਸਰਜਰੀਆਂ ਲਈ ਬਿਹਤਰ ਹੈ ਪਰ ਆਯੁਰਵੈਦ ਨਾ ਠੀਕ ਹੋਣ ਵਾਲੇ ਰੋਗਾਂ ਦਾ ਵੀ ਇਲਾਜ ਕਰਦੀ ਹੈ। ਉਨ੍ਹਾਂ ਉੱਤਰਾਖੰਡ ਸਰਕਾਰ ਨੂੰ ਕਿਹਾ ਹੈ ਕਿ ਉਹ ਸ਼ਰਧਾਲੂਆਂ ਨੂੰ ਚਾਰਧਾਮ ਯਾਤਰਾ ਦੀ ਇਜਾਜ਼ਤ ਦੇਵੇ। -ਏਐੱਨਆਈ

LEAVE A REPLY

Please enter your comment!
Please enter your name here