ਨਵੀਂ ਦਿੱਲੀ, 6 ਜੂਨ

ਨੀਤੀ ਆਯੋਗ ਮੈਂਬਰ (ਖੇਤੀਬਾੜੀ) ਰਮੇਸ਼ ਚੰਦ ਨੇ ਕਿਹਾ ਕਿ ਕੋਵਿਡ- 19 ਦੀ ਦੂਜੀ ਲਹਿਰ ਕਿਸੇ ਵੀ ਢੰਗ ਨਾਲ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਅਸਰਅੰਦਾਜ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਖਰੀਦ ਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਨੀਤੀਆਂ ਨੂੰ ਦਾਲਾਂ ਦੇ ਪੱਖ ਵਿੱਚ ਬਣਾਉਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਖੇਤੀ ਨੂੰ ਦਿੱਤੀ ਜਾਂਦੀ ਸਬਸਿਡੀ, ਕੀਮਤ ਤੇ ਤਕਨੀਕ ਕਾਫੀ ਹੱਦ ਤੱਕ ਝੋਨੇ, ਕਣਕ ਤੇ ਗੰਨੇ ਦੇ ਹੱਕ ਵਿੱਚ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦੀ ਵਿਕਾਸ ਦਰ 2021-22 ’ਚ ਤਿੰਨ ਫ਼ੀਸਦ ਤੋਂ ਵੱਧ ਰਹੇਗੀ।

ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਰਮੇਸ਼ ਚੰਦ ਨੇ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਮਈ ਮਹੀਨੇ ’ਚ ਕਰੋਨਾਵਾਇਰਸ ਮਹਾਮਾਰੀ ਫੈਲੀ, ਜਿਸ ਦੌਰਾਨ ਖੇਤੀ ਸਬੰਧੀ ਗਤੀਵਿਧੀਆਂ ਬਹੁਤ ਹੀ ਘੱਟ ਸਨ। ਉਨ੍ਹਾਂ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਮਈ ਮਹੀਨੇ ਵਿੱਚ ਕੋਵਿਡ-19 ਦੇ ਕੇਸ ਵਧਣੇ ਸ਼ੁਰੂ ਹੋਏ ਸਨ। ਮਈ ਵਿੱਚ ਕਾਫ਼ੀ ਗਰਮੀ ਹੁੰਦੀ ਹੈ ਤੇ ਕੁਝ ਸਬਜ਼ੀਆਂ ਤੇ ਬੇਮੌਸਮੀ ਫ਼ਸਲਾਂ ਤੋਂ ਬਿਨਾਂ ਨਾ ਤਾਂ ਕੋਈ ਫ਼ਸਲ ਬੀਜੀ ਜਾਂਦੀ ਹੈ ਤੇ ਨਾ ਹੀ ਕਿਸੇ ਫ਼ਸਲ ਦੀ ਵਾਢੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਕਰੋਨਾ ਦੇ ਕੇਸ ਵਧਣ ਕਾਰਨ ਲੇਬਰ ਪਿੰਡਾਂ ਵਿੱਚ ਜਾ ਰਹੀ ਹੈ ਤੇ ਇਹ ਲੇਬਰ ਰੋਜ਼ੀ-ਰੋਟੀ ਕਮਾਉਣ ਲਈ ਖੇਤੀਬਾੜੀ ਸੈਕਟਰ ਲਈ ਕੰਮ ਕਰਨ ਦੀ ਇੱਛੁਕ ਹੈ। ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਸਬੂਤ ਵਜੋਂ ਖੇਤੀਬਾੜੀ ਸਬੰਧੀ ਮਾਰਕੀਟ ਡੇਟਾ (ਅੰਕੜੇ) ਵੇਖ ਸਕਦੇ ਹੋ। ਹਰ ਥਾਂ ਖੇਤੀਬਾੜੀ ਸਬੰਧੀ ਬਾਜ਼ਾਰ ਆਮ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੈਕਟਰ ਤੋਂ ਮਿਲਣ ਵਾਲੀ ਆਮਦਨ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੇਂਡੂ ਇਲਾਕੇ ਵਿੱਚ ਨਾ ਚੱਲਣ ਵਾਲੀਆਂ ਸਿਰਫ਼ ਕੁਝ ਸੇਵਾਵਾਂ ਦੇ ਮਾਮਲੇ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ, ‘ਮੈਂ ਕਹਾਂਗਾ ਕਿ ਸਰਕਾਰ ਨੂੰ ਮਗਨਰੇਗਾ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’ ਇਹ ਪੁੱਛਣ ’ਤੇ ਕਿ ਭਾਰਤ ਦਾਲਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰ ਕਿਉਂ ਨਹੀਂ ਹੈ, ਉਨ੍ਹਾਂ ਕਿਹਾ ਕਿ ਸਿੰਜਾਈ ਹੇਠ ਦਾਲਾਂ ਦਾ ਖੇਤਰ ਵਧਾਉਣ ਦੀ ਲੋੜ ਹੈ ਅਤੇ ਇਸ ਨਾਲ ਉਤਪਾਦਨ ਤੇ ਕੀਮਤਾਂ ਵਿੱਚ ਸਥਿਰਤਾ ’ਚ ਵੱਡਾ ਫ਼ਰਕ ਪਏਗਾ। ਉਨ੍ਹਾਂ ਕਿਹਾ, ‘‘ਮੇਰਾ ਪੱਕਾ ਵਿਸ਼ਵਾਸ ਹੈ ਕਿ ਤਕਨਾਲੋਜੀ ਪੱਖੋਂ ਸਾਨੂੰ ਦਾਲਾਂ ਦੇ ਪੱਖ ’ਚ ਖਰੀਦ ’ਤੇ ਐੱਮਐੱਸਪੀ ਤੈਅ ਕਰਨੀ ਚਾਹੀਦੀ ਹੈ।’ -ਪੀਟੀਆਈ

ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣ ਲਈ ਝੋਨੇ ਤੋਂ ਖਹਿੜਾ ਛੱਡਣ ਕਿਸਾਨ: ਜੌਹਲ

ਜਲੰਧਰ (ਪਾਲ ਸਿੰਘ ਨੌਲੀ): ਦੇਸ਼ ਦੇ ਨਾਮਵਰ ਅਰਥ-ਸ਼ਾਸਤਰੀ ਤੇ ਖੇਤੀਬਾੜੀ ਮਾਮਲਿਆਂ ਦੇ ਮਾਹਿਰ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣਾ ਹੈ ਤਾਂ ਝੋਨੇ ਦਾ ਖਹਿੜਾ ਛੱਡਣਾ ਪਵੇਗਾ। ਉਨ੍ਹਾਂ ਝੋਨੇ ਦਾ ਬਦਲ ਦੱਸਦਿਆਂ ਕਿਹਾ ਕਿ ਦਾਲਾਂ, ਕਪਾਹ ਤੇ ਤੇਲ ਬੀਜਾਂ ਵੱਲ ਕਿਸਾਨਾਂ ਨੂੰ ਪਰਤਣਾ ਪਵੇਗਾ ਤਦ ਹੀ ਪੰਜਾਬ ਦੇ ਪਾਣੀਆਂ ਤੇ ਜ਼ਮੀਨ ਨੂੰ ਬਚਾਇਆ ਜਾ ਸਕਦਾ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਕੇਂਦਰ ਸਰਕਾਰ ਦਾਲਾਂ ਦੀ ਮਾਰਕੀਟ ਕੀਮਤ ਦੇਣੀ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਝੋਨੇ ਹੇਠੋਂ ਰਕਬਾ ਘਟਾਉਣ ਲਈ ਠੋਸ ਨੀਤੀ ਬਣਾਈ ਜਾਣੀ ਚਾਹੀਦੀ ਹੈ। ਪਿਛਲੇ ਸਾਲ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਸੀ, ਜੋ ਇੱਕ ਰਿਕਾਰਡ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਨਾ ਰਕਬਾ ਝੋਨੇ ਹੇਠ ਆਇਆ ਸੀ। ਇਸ ਵਿੱਚ 27.43 ਲੱਖ ਹੈਕੇਟਅਰ ਝੋਨਾ ਤੇ 4.6 ਲੱਖ ਹੈਕਟੇਅਰ ਬਾਸਮਤੀ ਹੇਠ ਰਕਬਾ ਸੀ ਜਦ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਝੋਨੇ ਹੇਠ ਰਕਬਾ 27.36 ਲੱਖ ਹੈਕਟੇਅਰ ਦੱਸਿਆ ਸੀ। ਸਰਕਾਰ ਦਾ ਇਹ ਝੂਠ ਉਦੋਂ ਫੜਿਆ ਗਿਆ ਜਦੋਂ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਨਿਕਲਿਆ, ਜੋ ਕਿ ਪਿਛਲੇ ਸਾਲ ਨਾਲੋਂ ਡੇਢ ਲੱਖ ਹੈਕਟੇਅਰ ਜ਼ਿਆਦਾ ਸੀ। ਸਰਦਾਰਾ ਸਿੰਘ ਜੌਹਲ ਨੇ ਦੱਸਿਆ ਕਿ ਚੌਲ ਜਿਹੜੇ ਅਸੀਂ ਦੂਜੇ ਸੂਬਿਆਂ ਨੂੰ ਭੇਜਦੇ ਹਾਂ ਉਹ ਇਕ ਤਰ੍ਹਾਂ ਨਾਲ ਪੰਜਾਬ ਦੇ ਪਾਣੀਆਂ ਦੀਆਂ ਪੰਡਾਂ ਬੰਨ੍ਹ ਕੇ ਭੇਜ ਰਹੇ ਹਾਂ, ਜੋ ਭਵਿੱਖ ਦੀ ਖੇਤੀ ਲਈ ਖਤਰਨਾਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੇ ਬਦਲ ਵਜੋਂ ਦਾਲਾਂ, ਕਪਾਹ ਤੇ ਤੇਲ ਬੀਜਾਂ ਵੱਲ ਕਿਸਾਨਾਂ ਨੂੰ ਪਰਤਣਾ ਚਾਹੀਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਲਾਗਤ ਘਟੇਗੀ, ਉਥੇ ਜ਼ਮੀਨ ਉਪਜਾਊ ਹੋਵੇਗੀ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਕਿਸਾਨਾਂ ਨੂੰ ਫ਼ਸਲਾਂ ਦੀ ਮਾਰਕੀਟ ਕੀਮਤ ਦੇਣਾ ਯਕੀਨੀ ਨਹੀਂ ਬਣਾਉਂਦੀਆਂ ਉਦੋਂ ਤੱਕ ਕਿਸਾਨ ਫ਼ਸਲੀ ਚੱਕਰ ਵਿਚੋਂ ਨਹੀਂ ਨਿਕਲ ਸਕਦਾ। ਉਨ੍ਹਾਂ ਦੱਸਿਆ ਕਿ ਜਿਵੇਂ ਖਾਣ ਵਾਲੇ ਤੇਲ ਦੀ ਕੌਮਾਂਤਰੀ ਪੱਧਰ ’ਤੇ ਮਾਰਕੀਟ ਹੈ, ਜੇ ਪੰਜਾਬ ਦੇ ਕਿਸਾਨ ਦਾਲਾਂ ਬੀਜਣ ਵੱਲ ਧਿਆਨ ਕੇਂਦਰਿਤ ਕਰਨ ਤਾਂ ਉਸੇ ਤਰ੍ਹਾਂ ਦਾਲਾਂ ਦੀ ਵੀ ਹੋ ਸਕਦੀ ਹੈ। ਸ੍ਰੀ ਜੌਹਲ ਨੇ ਦੱਸਿਆ ਕਿ ਉਹ ਪਿਛਲੇ 60 ਸਾਲਾਂ ਤੋਂ ਖੇਤੀ ਲਈ ਕੰਮ ਕਰਦੇ ਆ ਰਹੇ ਹਨ, ਦੋ ਦਰਜਨ ਦੇਸ਼ਾਂ ਨੂੰ ਕਿਸਾਨੀ ’ਤੇ ਨੀਤੀ ਬਣਾ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨ ਪੱਖੀ ਰਹੇ ਹਨ ਤੇ ਪੰਜਾਬ ਦੀ ਮਜ਼ਬੂਤ ਆਰਥਿਕਤਾ ਦੇ ਪੱਖ ਵਿਚ ਹਮੇਸ਼ਾ ਖੜ੍ਹਦੇ ਹਨ। ਉਨ੍ਹਾਂ ਸਰਕਾਰਾਂ ਦੀ ਨੀਅਤ ਤੇ ਨੀਤੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਥੇ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਨਾ ਹੀ ਕਿਸੇ ਚੰਗੀ ਨੀਤੀ ’ਤੇ ਚੱਲਣ ਲਈ ਦ੍ਰਿੜ੍ਹ ਇੱਛਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਿਲ੍ਹਾ ਪੱਧਰ ਤੇ ਡਿਵੀਜ਼ਨ ਪੱਧਰ ’ਤੇ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਲੋੜ ਹੈ ਉਨ੍ਹਾਂ ਦੀ ਪਹਿਲਾਂ ਨਿਸ਼ਾਨਦੇਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖੇਤੀ ਸੁਧਾਰਾਂ ਦੀ ਅੱਜ ਵੀ ਲੋੜ ਹੈ ਤੇ ਸਮੇਂ ਮੁਤਾਬਕ ਇਹ ਹੋਣੇ ਚਾਹੀਦੇ ਹਨ। ਨਵੇਂ ਖੇਤੀ ਕਾਨੂੰਨਾਂ ਨਾਲ ਮੰਡੀ ਪ੍ਰਬੰਧ ਖਤਮ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਨਾਲ ਮੰਡੀ ਕਿਵੇਂ ਖਤਮ ਹੋ ਸਕਦੀ ਹੈ? ਕੋਈ ਮੂਰਖ ਆਦਮੀ ਹੀ ਹੋਵੇਗਾ ਜੋ ਇਸ ਦੇ ਬਰਾਬਰ ਮੰਡੀ ਖੋਲ੍ਹੇਗਾ।

LEAVE A REPLY

Please enter your comment!
Please enter your name here