ਨਵੀਂ ਦਿੱਲੀ, 6 ਜੂਨ

ਭਾਰਤ ’ਚ ਇੱਕ ਦਿਨ ਅੰਦਰ ਕਰੋਨਾ ਦੇ ਨਵੇਂ 1,14,460 ਨਵੇਂ ਕੇਸ ਸਾਹਮਣੇ ਆਏ ਹਨ ਜੋ ਪਿਛਲੇ 60 ਦਿਨ ਬਾਅਦ ਕੇਸਾਂ ਦੀ ਸਭ ਤੋਂ ਘੱਟ ਗਿਣਤੀ ਹੈ। ਇਸ ਦੇ ਨਾਲ ਹੀ ਕੇਸਾਂ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ ਵੀ ਘੱਟ ਕੇ 5.62 ਫੀਸਦ ਰਹਿ ਗਈ ਹੈ। ਮਹਾਮਾਰੀ ਕਾਰਨ 2677 ਮੌਤਾਂ ਵੀ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 2,88,09,339 ਹੋ ਗਈ ਹੈ ਜਦਕਿ 2677 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 3,46,759 ਹੋ ਗਈ ਹੈ। ਤਕਰੀਬਨ 42 ਦਿਨ ਬਾਅਦ ਮ੍ਰਿਤਕਾਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਘਟ ਕੇ 15 ਲੱਖ ਤੋਂ ਘੱਟ ਰਹਿ ਗਈ ਹੈ। ਉੱਧਰ ’ਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 93.67 ਫੀਸਦ ਹੋ ਗਈ ਹੈ ਅਤੇ ਦੇਸ਼ ’ਚ ਹੁਣ ਤੱਕ 2,69,84,781 ਲੋਕ ਸਿਹਤਯਾਬ ਹੋ ਚੁੱਕੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਹੁਣ ਤੱਕ 23,13,22,417 ਲੋਕਾਂ ਨੂੰ ਕਰੋਨਾ ਰੋਕੂ ਟੀਕੇ ਲੱਗ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਕਰੋਨਾ ਰੋਕੂ ਟੀਕੇ ਦੀਆਂ 1.63 ਕਰੋੜ ਤੋਂ ਵੱਧ ਖੁਰਾਕਾਂ ਪਈਆਂ ਹਨ। ਕੇਂਦਰ ਨੇ ਰਾਜਾਂ ਤੇ ਯੂਟੀਜ਼ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਟੀਕੇ ਮੁਹੱਈਆ ਕੀਤੇ ਹਨ। -ਪੀਟੀਆਈ

ਕੋਲਕਾਤਾ ਵਿੱਚ ਐਤਵਾਰ ਨੂੰ ਸਾਊਥ ਪੁਆਇੰਟ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਕੋਵਿਡ- 19 ਵੈਕਸੀਨ ਦੀ ਪਹਿਲੀ ਡੋਜ਼ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ। -ਫੋਟੋ: ਪੀਟੀਆਈ

ਕਰੋਨਾ ਕਾਰਨ ਪੰਜਾਬ ਿਵੱਚ 65 ਤੇ ਹਰਿਆਣਾ ’ਚ 48 ਮੌਤਾਂ

ਚੰਡੀਗੜ੍ਹ (ਟਨਸ): ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 65 ਤੇ ਹਰਿਆਣਾ ’ਚ 48 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੰਜਾਬ ਵਿੱਚ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 15,076 ਅਤੇ ਹਰਿਆਣਾ ਵਿੱਚ 8712 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ 1593 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 3790 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 22,160 ਐਕਟਿਵ ਕੇਸ ਹਨ। ਇਨ੍ਹਾਂ ਵਿੱਚੋਂ 3255 ਦਾ ਆਕਸੀਜਨ ਰਾਹੀਂ, 684 ਦਾ ਐਲ-3 ਆਕਸੀਜਨ ਬੈੱਡ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। 276 ਦੀ ਹਾਲਤ ਗੰਭੀਰ ਹੋਣ ਕਰਕੇ ਵੈਂਟੀਲੇਟਰ ’ਤੇ ਹਨ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਬਠਿੰਡਾ, ਮੁਕਤਸਰ ’ਚ 7-7, ਪਟਿਆਲਾ ’ਚ 6, ਜਲੰਧਰ, ਸੰਗਰੂਰ ’ਚ 5-5, ਅੰਮ੍ਰਿਤਸਰ, ਫਾਜ਼ਿਲਕਾ, ਮੋਗਾ ’ਚ 4-4, ਕਪੂਰਥਲਾ, ਗੁਰਦਾਸਪੁਰ ’ਚ 3-3, ਫਿਰੋਜ਼ਪੁਰ, ਬਰਨਾਲਾ, ਫਰੀਦਕੋਟ, ਰੋਪੜ ’ਚ 2-2, ਹੁਸ਼ਿਆਰਪੁਰ, ਮਾਨਸਾ, ਮੁਹਾਲੀ, ਪਠਾਨਕੋਟ, ਨਵਾਂ ਸ਼ਹਿਰ ਅਤੇ ਤਰਨ ਤਾਰਨ ’ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਅੱਜ 654 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 1483 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ’ਚ 9097 ਐਕਟਿਵ ਕੇਸ ਹਨ।

LEAVE A REPLY

Please enter your comment!
Please enter your name here