ਗ. ਸ. ਨਕਸ਼ਦੀਪ

ਕਿਸੇ ਲਈ ਮਰਨਾ

ਮੌਤ ਰਾਣੀ ਨੂੰ ਕਿਸੇ ਲਈ ਚੁੰਮਣਾ,

ਕਦੇ ਆਸਾਨ ਨਹੀਂ ਹੁੰਦਾ|

ਅਜਿਹਾ ਹੁੰਦਾ ਲੱਖਾਂ ‘ਚੋਂ ਕੋਈ,

ਅਜਿਹਾ ਪਰ ਆਮ ਨਹੀਂ ਹੁੰਦਾ|

ਯਾਦ ਰੱਖਣ ਪੀੜ੍ਹੀਆਂ ਜੇ,

ਫਿਰ ਕਦੇ ਕੋਈ ਗੁਲਾਮ ਨਹੀਂ ਹੁੰਦਾ|

ਜੋ ਸਿੱਖੇ ਨਾ ਅਤੀਤ ਤੋਂ,

ਉਹ ਇੱਜੜ ਏ ਆਵਾਮ ਨਹੀਂ ਹੁੰਦਾ|

ਜਿੱਥੇ ਚੱਲਦੀ ਓਪਰੀ ਹਵਾ,

ਉਹ ਆਪਣਾ ਗ੍ਰਾਮ ਨਹੀਂ ਹੁੰਦਾ|

ਭਰਮ ਨਾ ਪਾਲੋ ਜਾਣੋ,

ਹੋਰ ਲਈ ਕੋਈ ਬਦਨਾਮ ਨਹੀਂ ਹੁੰਦਾ|

ਦੁਨੀ ‘ਚੋਂ ਹੋ ਜਾਵੇ ਪਰ ਮਨੋਂ,

ਕੋਈ ਕਦੇ ਗੁੰਮਨਾਮ ਨਹੀਂ ਹੁੰਦਾ|

ਗੱਲ ਤਾਂ ਹੁੰਦੀ ਅਪਣੱਤ ਦੀ,

ਗੈਰਾਂ ‘ਤੇ ਕਦੇ ਗੁਮਾਨ ਨਹੀਂ ਹੁੰਦਾ|

ਕੁਦਰਤ ਵੇਖੇ ਅੰਦਰ ਨਕਸ਼ਦੀਪ,

ਉਹ ਮਨ ਸ਼ਮਸ਼ਾਮ ਨਹੀਂ ਹੁੰਦਾ!

ਮਸਲਾ

ਪੱਤਿਆਂ ‘ਚ ਲੁਕੇ ਬੈਠੇ

ਬਾਜ਼ ਦੀਆਂ ਅੱਖਾਂ ਦਾ ਨਿਸ਼ਾਨਾ ਬਣੇ

ਤੂੰ ਤੇ ਮੈਂ

ਇਸ ਪਾਰ ਯਾ ਉਸ ਪਾਰ

ਹੋਣ ਲਈ ਸੋਚਦੇ ਕਿਉਂ ਨਹੀਂ ?

ਕਬੂਤਰ ਦੇ

ਅੱਖਾਂ ਮੀਟ ਲੈਣ ਨਾਲ

ਬਿੱਲੀ ਗਾਇਬ ਨਹੀਂ ਹੁੰਦੀ !

ਇਹ ਵਤੀਰਾ

ਸਰੀਰ ਨਾਲ ਬੰਨ੍ਹੇ ਬੰਬ ਵਾਂਗਰ

ਖੇਦ ਭਰਿਆ ਬਣ ਗਿਆ

ਬੰਬ ਫਟ ਗਿਆ,

ਨਾ ਤੂੰ ਤੇ ਨਾ ਮੈਂ !

ਲੁਕ ਕੇ ਨਹੀਂ

ਅੱਖਾਂ ਮੀਚਕੇ ਨਹੀਂ

ਇਹ ਮਸਲਾ ਸੁਲਝਣਾ !

ਦੋ ਤੋਂ ਇਕ ਹੋ ਕੇ

ਕਰਨਾ ਪੈਣਾ ਹੈ ਸਾਹਮਣਾ,

ਫੇਰ ਯਾ ਇਸ ਪਾਰ ਯਾ ਉਸ ਪਾਰ!

ਮੁਸ਼ਕਿਲ

ਮਿਟਾਕੇ ਖੁਦ ਨੂੰ ਵੀ,

ਬੜਾ ਮੁਸ਼ਕਿਲ ਰਿਹਾ ਪਾਉਣਾ ਤੁਹਾਨੂੰ !

ਕਿਨ੍ਹਾਂ ਪਾਣੀਆਂ ‘ਚ ਅਸੀਂ ਤੈਰੇ,

ਸਮਝ ਨਹੀਂ ਆਉਣਾ ਤੁਹਾਨੂੰ !

ਰੋਜ਼ ਬੀਜਦੇ ਹੋ ਕੰਡੇ ਤੁਸੀਂ ਤਾਂ,

ਰੋਜ਼ ਚੁਗਦੇ ਰਹੇ ਕੰਡੇ ਅਸੀਂ,

ਕੀ ਬੀਤਦੀ ਏ ਸਾਡੇ ‘ਤੇ,

ਨਹੀਂ ਇਹ ਵੀ ਸੁਣਾਉਣਾ ਤੁਹਾਨੂੰ !

ਅਸੀਂ ਬੀਜ ਬੀਜ ਸੁਪਨੇ,

ਇਕ ਸੰਸਾਰ ਜਿਹਾ ਸਜਾਇਆ ਸੀ,

ਪਰ ਮੁਸ਼ਕਿਲ ਹੋ ਗਿਆ,

ਇਸ ਦਿਲ ਨੂੰ ਵਿਖਾਉਣਾ ਤੁਹਾਨੂੰ !

ਅਸੀਂ ਜੋ ਵੀ ਬੋਲ ਬੋਲਿਆ,

ਉਹਨੂੰ ਤੁਸੀਂ ਅਰਥਹੀਣ ਦੱਸਿਆ,

ਜੋ ਕਰਕੇ ਵਿਖਾਇਆ ਹੈ,

ਉਹ ਨਜ਼ਰ ਨਹੀਂ ਆਉਣਾ ਤੁਹਾਨੂੰ|

ਨਦੀ ਦੇ ਕਿਨਾਰੇ ਉੱਤੇ ਅਸੀਂ,

ਭਾਵੇਂ ਆਸਾਂ ਲਾ ਕੇ ਹਾਂ ਬੈਠ ਗਏ,

ਗਏ ਹੋ ਭੁੱਲ ਤੁਸੀਂ ਸਾਨੂੰ,

ਯਾਦ ਕਿਹਨੇ ਹੈ ਕਰਾਉਣਾ ਤੁਹਾਨੂੰ|

ਹਵਾ ਵਿਚ ਨਕਸ਼ਦੀਪ,

ਸਾਰੇ ਘੁਲ ਗਈ ਹੈ ਹਾਉਂ ਤੁਹਾਡੀ,

ਸਾਡੇ ਲਈ ਨਹੀਂ ਰਿਹਾ ਸੌਖਾ,

ਹੁਣ ਕਦੇ ਵੀ ਮਨਾਉਣਾ ਤੁਹਾਨੂੰ !

ਸ਼ੋਰ

ਮੇਰੇ ਅੰਦਰ ਇਕ ਸ਼ੋਰ,

ਗੀਤਾਂ ਵਰਗਾ

ਰੰਗ ਬਿਰੰਗੇ ਸਫ਼ਿਆਂ ਵਰਗਾ,

ਸਾਹਾਂ ਲਈ ਤਰਸੇ !

ਇਸ ਸ਼ੋਰ ਦੀ ਆਸ ਮਰ ਗਈ

ਕਿਸੇ ਸੁਣਿਆ ਤੇ ਕਿਸੇ ਨੇ ਕੀਤਾ

ਅਣਸੁਣਿਆ ਅਣਵੇਖੈ ਸੁਪਨੇ ਵਰਗਾ !

ਪਰ ਇਹ ਜ਼ਿੰਦਾ ਪਿਆ

ਤਾਰ ‘ਤੇ ਟੰਗੇ ਅਣਧੋਤੇ ਕੱਪੜੇ ਵਾਂਗਣ !

ਇਹ ਸ਼ੋਰ ਹੋਰਾਂ ਦੇ ਵਿਚ ਵੀ

ਕਦੇ ਕਦਾਈਂ ਸਾਹ ਲੈ ਲੈਂਦਾ !

ਕੁਝ ਕਹਿੰਦਾ, ਚੁੱਪ ਕਰ ਬਹਿੰਦਾ !

ਇਸ ਰੁੱਤ ਵਿਚ ਇਹ

ਸਮਝੌਤਿਆਂ ਦਾ ਮਤਬੰਨਾਂ ਬਣਿਆ

ਬਣ ਰਿਹਾ ਬੁਝੀ ਅੱਗ ਦਾ ਧੂਆਂ !

ਇਸ ਸ਼ੋਰ ਦੀ ਹੋਂਦ ਖਤਰੇ ਵਿਚ

ਅਤੇ ਮੇਰੀ ਸਮਝ ਭੀੜ ਵਿਚ ਗੁੰਮ ਹੋ ਕੇ

ਬਿਖਰ ਹੈ ਗਈ !

ਡੁੱਬੇ ਸੂਰਜ ਨੂੰ ਮਰ ਗਿਆ ਸਮਝ

ਬੇਹਰਕਤ ਹੋ ਗਈ !

ਕੌਣ ਸਮਝਾਵੇ ਇਹਨੂੰ

ਸੂਰਜ ਲੁਕਿਆ ਹੈ ਮਰਿਆ ਨਹੀਂ !

ਇਸ ਸ਼ੋਰ ਨੂੰ ਜਗਾਵਣ ਖਾਤਰ

ਹੋਰ ਕਿਸ ਦਾ ਸ਼ੋਰ ਲਿਆਵਾਂ ?

ਮੇਰੇ ਅੰਦਰ ਇਕ ਸ਼ੋਰ,

ਰੰਗ ਬਿਰੰਗੇ ਸਫ਼ਿਆਂ ਵਰਗਾ

ਸਾਹਾਂ ਲਈ ਤਰਸੇ !

LEAVE A REPLY

Please enter your comment!
Please enter your name here