ਡਾ. ਗੁਰਬਖ਼ਸ਼ ਸਿੰਘ ਭੰਡਾਲ

ਕਵਿਤਾ ਮਨ ਦੀਆਂ ਭਾਵਨਾਵਾਂ ਨੂੰ ਰਾਹਤ ਦਿੰਦੀ ਹੈ। ਕਵਿਤਾ ਗੂੰਗੇ ਬੋਲਾਂ ਨੂੰ ਜ਼ੁਬਾਨ, ਚੁੱਪ ਨੂੰ ਬੋਲ, ਦੱਬੇ ਦਰਦ ਨੂੰ ਤਹਿਜ਼ੀਬ, ਕੋਰੇ ਵਰਕੇ ਨੂੰ ਸ਼ਬਦ-ਸ਼ਗਨ ਅਤੇ ਹਰਫ਼ਾਂ ਵਿਚ ਅਰਥ ਸੰਵੇਦਨਾ ਦੀ ਭਾਅ ਦਿੰਦੀ ਹੈ। ਕਵਿਤਾ ਪੀੜ ’ਚ ਪੀੜ ਹੋ ਜਾਣ ਦੀ ਇੰਤਹਾ, ਜਾਨ ਦੀ ਬਾਜ਼ੀ ਲਾਉਣ ਦਾ ਸ਼ੁਦਾਅ ਅਤੇ ਆਪਣੇ ’ਚੋਂ ਆਪੇ ਨੂੰ ਮਨਫ਼ੀ ਕਰ ਕੇ ਖੁਦਾ ’ਚ ਵਿਸਰਤ ਹੋ ਜਾਣ ਦਾ ਚਾਅ ਹੈ।

ਕਵਿਤਾ, ਭਾਵਨਾਵਾਂ ਨੂੰ ਸੋਚ ਦਾ ਹਾਸਲ ਅਤੇ ਸੋਚ ਨੂੰ ਸ਼ਬਦਾਂ ਰਾਹੀਂ ਰਾਹਤ ਦਿੰਦੀ ਹੈ। ਇਹ ਸੁਖਦ ਪਲਾਂ ਦੀ ਨਿਸ਼ਾਨਦੇਹੀ ਜਾਂ ਦੁਖਦ ਪਲਾਂ ਵਿਚ ਖੁਦ ਨਾਲ ਸੰਵਾਦ ਅਤੇ ਆਪਣੀ ਪੀੜ ਵਿਚੋਂ ਉੱਭਰਨ ਦਾ ਸੁਚੇਤ ਨਾਲ ਮਾਰਿਆ ਗਿਆ ਹੰਭਲਾ ਹੁੰਦਾ ਹੈ। ਕਵੀ ਦਾ ਹਰਫ਼ਾਂ ਵਿਚ ਖੁਦ ਨੂੰ ਉਲਥਾਉਣਾ, ਆਲੇ-ਦੁਆਲੇ ਨੂੰ ਸ਼ਬਦ-ਜਾਮਾ ਪਨਿਹਾਉਣਾ ਅਤੇ ਪਸਰੀ ਸੁੰਨ ’ਚ ਬਿਰਤੀ ਨੂੰ ਜਗਾਉਣਾ ਵਿਲੱਖਣ ਕਾਰਜ ਹੈ।

ਕਵਿਤਾ ਕਵੀ ਵੱਲ ਨੂੰ ਖੁੱਲ੍ਹਦੀ ਖਿੜਕੀ ਹੈ ਜਦੋਂ ਕਿ ਕਵੀ, ਕਵਿਤਾ ਵੱਲ ਨੂੰ ਅਹੁਲਦਾ ਮਨ ਹੈ ਤੇ ਅਖੀਰ ਵਿਚ ਦੋਵਾਂ ਦਾ ਇਕ ਦੂਜੇ ’ਚ ਅਭੇਦ ਹੋ ਜਾਣਾ। ਕਵਿਤਾ ਲਿਖਣ ਨੂੰ ਬਹੁਤ ਮਨ ਕਰਦਾ, ਪਰ ਉਹ ਕਵਿਤਾ ਲਿਖ ਨਹੀਂ ਹੁੰਦੀ ਜਿਸ ਦਾ ਮੁਹਾਂਦਰਾ ਸੁਰਖ ਸੁਨੇਹਾ ਹੋਵੇ, ਜਿਸ ਦੀ ਆਭਾ ਵਿਚ ਹਨੇਰਿਆਂ ਨੂੰ ਓਹਲੇ ਦੀ ਭਾਲ ਹੋਵੇ ਅਤੇ ਜਿਸ ਦੀ ਤਲਬ ’ਚ ਅਣਹੋਣੀਆਂ ਨੂੰ ਹੋਣੀਆਂ ’ਚ ਬਦਲਣ ਦੀ ਲਾਲਸਾ ਹੋਵੇ।

ਕਵਿਤਾ ਜੋ ਖੁਦ ਕਵਿਤਾ ਹੋ ਜਿਊਣ ਲਈ ਪ੍ਰੇਰਿਤ ਕਰੇ, ਜਿਸ ਦੀ ਬੰਦਗੀ ਵਿਚੋਂ ਚਾਨਣ ਝਰੇ, ਜਿਸ ਦੀ ਸੰਵੇਦਨਾ ਵਿਚ ਦਿਮਾਗ਼ੀ ਧੁੰਧਲਕਿਆਂ ਦੀ ਗਰਦ ਝੜੇ, ਜੋ ਪਰਾਇਆਂ ਨੂੰ ਕੋਲ ਕਰੇ, ਆਪਣਿਆਂ ਵੱਲੋਂ ਲਾਏ ਫੱਟਾਂ ਦੀ ਪੀੜਾ ਹਰੇ ਅਤੇ ਜ਼ਖ਼ਮਾਂ ਦੀ ਰੁੱਤੇ ਮਰ੍ਹਮ, ਫਹਿਆਂ ਤੇ ਪੱਟੀਆਂ ਦੀ ਖੇਤੀ ਕਰੇ।

ਕਵਿਤਾ ਜੋ ਅੰਬਰ ਨੂੰ ਗਾਹੁੰਦਿਆਂ ਪਤਾਲ ਦੀ ਥਾਹ ਵੀ ਲਵੇ, ਜੋ ਚੁੱਪ ਰਹਿ ਕੇ ਵੀ ਬਹੁਤ ਕੁਝ ਕਹੇ, ਜਿਸ ਦੀ ਸੂਖਮਤਾ ਵਿਚੋਂ ਸਕੂਨ-ਸਰਵਰ ਭਰ ਉਛਲੇ ਅਤੇ ਮਨ ਦੀ ਸ਼ਾਂਤੀ ਲਈ ਹੀਲਾ ਕਰੇ। ਕਵਿਤਾ ਜੋ ਧੁਖਦੇ ਸਮਿਆਂ ਵਿਚ ਸੂਝ-ਧੂਣੀ ਮਘਾਏ, ਧੂੰਏਂ ’ਚ ਧੂੰਆਂ ਹੋਏ ਚਾਵਾਂ ਨੂੰ ਸਹਿਲਾਏ, ਨਫ਼ਰਤ ਦੀ ਅੱਗ ਬੁਝਾਵੇ, ਮਜ਼ਹਬੀ ਜਨੂੰਨ ਸਾਹਵੇਂ ਹਿੱਕ ਤਣ ਜਾਵੇ ਅਤੇ ਨਿਹੱਥਿਆਂ, ਨਿਤਾਣਿਆਂ, ਨਿਮਾਣਿਆਂ ਅਤੇ ਨਿਥਾਵਿਆਂ ਦੀ ਧਿਰ ਬਣ ਜਾਵੇ।

ਕਵਿਤਾ ਜੋ ਕਵਿਤਾ ਹੋਣ ਦਾ ਧਰਮ ਨਿਭਾਵੇ, ਆਪਣੀ ਕਰਮ ਜੋਤ ਨਾਲ ਗਿਆਨ-ਹੀਣਤਾ ਨੂੰ ਰੌਸ਼ਨ ਕਰ ਜਾਵੇ, ਆਪੇ ਨੂੰ ਖੋਜਦਿਆਂ ਖੁਦ ਨੂੰ ਜਗਾਵੇ ਅਤੇ ਆਪਣਾ ਚਿਰਾਗ ਖੁਦ ਹੀ ਬਣ ਜਾਵੇ। ਕਵਿਤਾਵਾਂ ਸਾਡੇ ਆਲੇ-ਦੁਆਲੇ ’ਚ ਪਸਰੀਆਂ, ਸਾਨੂੰ ਹਲੂਣਦੀਆਂ, ਸੁਣਨ ਅਤੇ ਦੇਖਣ ਲਈ ਉਕਸਾਉਂਦੀਆਂ ਹਰਫ਼ਾਂ ਦਾ ਜਾਮਾ ਪਾਉਣਾ ਲੋਚਦੀਆਂ ਹਨ। ਸਿਰਫ਼ ਸੂਖ਼ਮ ਮਨ ਵਾਲੇ ਵਿਅਕਤੀ ਹੀ ਇਸ ਦਾ ਮੁਹਾਂਦਰਾ ਪਛਾਣਦੇ ਅਤੇ ਇਨ੍ਹਾਂ ਦੀਆਂ ਰਮਜ਼ਾਂ ਦੀ ਥਾਹ ਪਾਉਂਦੇ ਹਨ।

ਕਵਿਤਾਵਾਂ, ਕੁਦਰਤ ਤੇ ਵਗਦੇ ਪਾਣੀ ਵੀ, ਪਹਾੜ ਤੇ ਜੰਗਲ-ਜੂਹ ਵੀ, ਲਹਿਰਾਉਂਦੀਆਂ ਫ਼ਸਲਾਂ, ਖਿੜੀ ਬਹਾਰ ਤੇ ਫੁੱਲਾਂ ’ਤੇ ਲਟਬੋਰੇ ਹੋਏ ਭੌਰੇ/ਤਿਤਲੀਆਂ ਦੀ ਪ੍ਰਵਾਜ਼ ਵੀ, ਪੰਛੀਆਂ ਦਾ ਚਹਿਕਣਾ ਤੇ ਬੋਟਾਂ ਦੀ ਵਿਲਕਣੀ ਵੀ, ਬੱਚੇ ਦਾ ਰਿਆੜ ਤੇ ਮਾਂ ਦੀਆਂ ਲੋਰੀਆਂ ਵੀ, ਬਾਪ ਦੀ ਝਿੜਕ ਤੇ ਕੌੜੀ ਨਸੀਹਤ ਵੀ। ਸਿਰਫ਼ ਸੋਝੀ ਚਾਹੀਦੀ ਏ ਇਨ੍ਹਾਂ ਦੀਆਂ ਤਰੰਗਾਂ ਅਤੇ ਸਹਿਹੋਂਦ ਨੂੰ ਸਮਝਣ ਦੀ।

ਕਵਿਤਾ ਬੋਲਦੀ ਤੇ ਹੁੰਗਾਰੇ ਭਰਦੀ ਪੇਂਟਿੰਗ ਹੈ ਜਦੋਂ ਕਿ ਪੇਟਿੰਗ, ਖਾਮੋਸ਼ ਕਵਿਤਾ ਹੈ ਜਿਸ ਦੀਆਂ ਪਰਤਾਂ ਦੇਖਣ ਵਾਲੇ ਦੀ ਅੱਖ ਹੀ ਫਰੋਲਦੀ ਹੈ।

ਕਵਿਤਾ ਮਨ ਦੀ ਉਡਾਣ, ਸ਼ਬਦਾਂ ਦੀ ਸਮਰੱਥਾ, ਲੋਕ-ਮੁਹਾਵਰੇ ਦਾ ਗਿਆਨ ਅਤੇ ਅਚੇਤ ਮਨ ਵਿਚ ਸੁੱਤੀਆਂ ਕਲਾਵਾਂ ਦਾ ਬਿਰਤਾਂਤੀ ਪੱਖ ਜੋ ਕਾਵਿ-ਬਿੰਬਾਵਲੀ ’ਚੋਂ ਪ੍ਰਗਟ ਹੁੰਦਾ ਹੈ।

ਕਵਿਤਾ ਜੋ ਕਾਵਿ-ਯਾਤਰਾ ਦਾ ਪੈਗਾਮ ਘਰ ਘਰ ਪਹੁੰਚਾਵੇ, ਕਵੀਆਂ ਨੂੰ ਕਵਿਤਾ-ਕਵਿਤਾ ਹੋਣਾ ਸਿਖਾਵੇ ਅਤੇ ਕਾਵਿ-ਸੁਨੇਹੇ ਨੂੰ ਅੰਤਰੀਵ ਵਿਚ ਵਸਾਵੇ। ਕਵਿਤਾ ਜੋ ਝੁੱਗੀਆਂ ਝੌਪੜੀਆਂ ਦੀ ਵੇਦਨਾ, ਵਿਚਾਰਹੀਣਾਂ ਲਈ ਸੰਵੇਦਨਾ, ਗੈਰ-ਗੰਭੀਰਾਂ ਲਈ ਚੇਤਨਾ, ਅਲਸਾਈਆਂ ਜਿੰਦਾਂ ਲਈ ਪ੍ਰੇਰਨਾ ਅਤੇ ਬੁੱਝੇ ਦੀਵਿਆਂ ਲਈ ਚਾਨਣ ਬਣੇ। ਠੰਢੇ ਚੁੱਲ੍ਹਿਆਂ ਨੂੰ ਅੱਗ, ਤੌੜੀ ਤੇ ਚੌਂਕਾ ਦੇਵੇ।

ਕਵਿਤਾ ਜੋ ਕਰਨੀਆਂ ਅਤੇ ਕਥਨੀਆਂ ਦੀ ਪੂਰੀ, ਮਖੌਟਿਆਂ ਤੋਂ ਰਹਿਤ ਅਤੇ ਚੋਲੇ ਬਦਲਣ ਤੋਂ ਬਾਗੀ ਹੋਵੇ। ਸੁਰਖ-ਸੁਨੇਹਿਆਂ ਨੂੰ ਹਰ ਘਰ ਪਹੁੰਚਾਣ ਅਤੇ ਜੀਵਨ-ਜੁਗਤ ਨੂੰ ਹਰ ਸੋਚ-ਬੀਹੀ ਵਿਚ ਉਪਜਾਉਣ ਲਈ ਸਾਧਨ ਬਣੇ। ਕਵਿਤਾ ਜੋ ਮੁਰਝਾਈਆਂ ਫ਼ਸਲਾਂ ਦੀ ਬਾਤ ਕਰੇ, ਜੋ ਬਲਦ-ਜੋਗ ਦਾ ਦਰਦ ਹਰੇ ਜਿਨ੍ਹਾਂ ਦਾ ਮਾਲਕ ਜਦੋਂ ਹੱਥੀਂ ਲਾਏ ਰੁੱਖ ’ਤੇ ਪੱਗ ਨਾਲ ਫਾਹਾ ਲਵੇ। ਉਨ੍ਹਾਂ ਦੀਆਂ ਅੱਖਾਂ ’ਚ ਤਿੱਪ ਤਿੱਪ ਚੋਂਦੇ ਹੰਝੂਆਂ ਦਾ ਦਰਦ, ਹਰਫ਼-ਬਿਆਨੀ ਦਾ ਮੁਥਾਜ਼ ਨਾ ਰਹੇ। ਬਹੁਤ ਕੁਝ ਅਣਕਿਹਾ ਕਹੇ ਜਿਸ ਨੂੰ ਸੁਣਨ ਤੋਂ ਆਕੀ ਨੇ ਸਮੇਂ ਦੇ ਹਾਕਮ।

ਕਵਿਤਾਂ ਤਾਂ ਲਿਖਾਂਗਾ, ਰੱਦੀ ਬਣ ਗਈਆਂ ਝੋਲੇ ’ਚ ਪਈਆਂ ਡਿਗਰੀਆਂ ਦੀ, ਮਾਂ ਦੇ ਮਰੇ ਸੁਪਨਿਆਂ ਦੀ, ਭੈਣ ਦੇ ਕਲੀਰਿਆਂ ਵਿਚਲੀ ਵੇਦਨਾ ਦੀ, ਬਾਪ ਦੇ ਸਿਰ ’ਤੇ ਜਟੂਰੀ ਦੇ ਵਾਲਾਂ ਜਿੰਨੇ ਕਰਜ਼ੇ ਦੀ, ਤਿੜਕੇ ਸ਼ਤੀਰਾਂ ਦੀ, ਲੱਥ ਰਹੇ ਲਿਓੜਾਂ ਦੀ, ਦੀਵੇ ਤੋਂ ਸੱਖਣੀ ਦੀਵਾਖੀ ਦੀ, ਆਲੇ ’ਚ ਪਈ ਸਲਫਾਸ ਦੀ ਸ਼ੀਸ਼ੀ ਦੀ, ਨਸ਼ਿਆਂ ’ਚ ਨਿਲਾਮ ਹੋ ਗਈ ਗੈਰਤ, ਇੱਜ਼ਤ ਅਤੇ ਇਨਸਾਨੀਅਤ ਦੀ, ਵਿਕ ਰਹੇ ਖੇਤਾਂ ਦੀ, ਹੋ ਰਹੀਆਂ ਕੁਰਕੀਆਂ ਦੀ ਅਤੇ ਖੇਤੀਂ ਉੱਗ ਰਹੀਆਂ ਖੁਦਕੁਸ਼ੀਆਂ ਦੀ।

ਕਵਿਤਾਂ ਲਿਖਣੀ ਹੀ ਪੈਣੀ ਏ ਬਾਲਮਨਾਂ ਵਿਚ ਉੱਗ ਰਹੇ ਸੁਪਨਿਆਂ ’ਤੇ ਹੋ ਰਹੀ ਗੜ੍ਹੇਮਾਰੀ ਦੀ, ਸੁਪਨ-ਤਾਜਪੋਸ਼ੀ ’ਚ ਆ ਰਹੀਆਂ ਰੁਕਾਵਟਾਂ ਦੀ, ਹਰਫ਼ਹੀਣ ਹੋ ਰਹੀ ਸੋਚ ਦੀ, ਬੁੱਧਹੀਣ ਹੋ ਰਹੇ ਵਿਵੇਕ ਦੀ, ਬੇਆਸ ਹੋ ਰਹੇ ਵਿਸ਼ਵਾਸ ਦੀ ਅਤੇ ਤਿੜਕ ਰਹੇ ਧਰਵਾਸ ਦੀ।

ਕਵਿਤਾ ਤਾਂ ਲਿਖਣੀ ਹੈ, ਆਪਣਿਆਂ ਹੱਥੋਂ ਹੋਈ ਜ਼ਲੀਲਤਾ ਦੀ, ਆਲੇ-ਦੁਆਲੇ ’ਚ ਫੈਲੀ ਗਲੀਜ਼ਤਾ ਦੀ, ਉਛਾਲੀ ਜਾ ਰਹੀ ਮਲੀਨਤਾ ਦੀ ਅਤੇ ਮਨ ’ਚ ਪੈਦਾ ਹੋ ਰਹੀ ਹੀਣਤਾ ਦੀ। ਕਵਿਤਾ ਲਿਖਣਾ ਚਾਹੁੰਨਾ, ਚੱਲੀਆਂ ਅਦਿਖ ਕੁਚਾਲਾਂ ਦੀ, ਬੇਹਾਲ ਹੋ ਗਏ ਹਾਲਾਂ ਦੀ, ਲੁੱਟ ਕੇ ਲੈ ਗਏ ਭਿਆਲਾਂ ਦੀ, ਨਿਰਮੋਹੇ ਹੋ ਗਏ ਸਾਥ-ਸਿਆਲਾਂ ਦੀ, ਕਰਮ-ਹੀਣ ਹੋ ਗਏ ਖਿਆਲਾਂ ਦੀ ਅਤੇ ਤੰਗੀਆਂ-ਤੁਰਸ਼ੀਆਂ ’ਚ ਬਾਲਗ ਬਣ ਗਏ ਬਾਲਾਂ ਦੀ।

ਕਵਿਤਾ ਲਿਖਾਂਗਾ, ਪੈਰਾਂ ’ਚ ਰੁਲਦੀਆਂ ਪੱਗਾਂ ਦੀ, ਮਨਾਂ ’ਚ ਲਾਈਆਂ ਅੱਗਾਂ ਦੀ, ਸਾਹਾਂ ’ਚ ਸੁਲਗਦੀਆਂ ਸੋਚਾਂ ਦੀ, ਬੇਹੋਸ਼ ਹੋਏ ਹੋਸ਼ਾਂ ਦੀ, ਬੇਸੁੱਧ ਹੋਈਆਂ ਬੇਬਾਕੀਆਂ ਦੀ, ਹਰ ਮੋੜ ’ਤੇ ਉਕਰੀਆਂ ਚਲਾਕੀਆਂ ਦੀ, ਇਖ਼ਲਾਕ ਤੋਂ ਗਿਰੀਆਂ ਇਖ਼ਲਾਕੀਆਂ ਦੀ, ਟੁੱਟ ਚੁੱਕੀਆਂ ਵੈਸਾਖੀਆਂ ਦੀ ਅਤੇ ਲੁਟੇਰਿਆਂ ਦੀਆਂ ਕੀਤੀਆਂ ਜਾ ਰਹੀਆਂ ਰਾਖੀਆਂ ਦੀ।

ਕਵਿਤਾਂ ਤਾਂ ਲਿਖਾਂਗਾ, ਹੱਕ ਤੇ ਸੱਚ ਦੀ, ਜ਼ੋਰ ਤੇ ਜਬਰ ਦੀ, ਮਨੁੱਖੀ ਹਿੰਮਤ ਤੇ ਦਲੇਰੀ ਦੀ, ਬੇਹਿੰਮਤਿਆਂ ਦੀ ਢਾਹੀ ਢੇਰੀ ਦੀ, ਵਾਟ ਲੰਮੇਰੀ ਦੀ, ਹੋ ਰਹੀ ਦੇਰੀ ਦੀ, ਮਸਤਕ ’ਚ ਸੋਚ ਹਨੇਰੀ ਦੀ ਅਤੇ ਆਪਣਾ ਬਣ ਕੇ ਕੀਤੀ ਹੇਰਾਫੇਰੀ ਦੀ।

ਕਵਿਤਾ ਲਿਖਣੀ ਹੈ ਕਲਮ ਕਰਾਮਾਤ ਦੀ, ਕਲਮਾਂ ਬੀਜਣ ਦੀ ਵੱਤਰ ਤੇ ਵਿਉਂਤ ਦੀ, ਕਲਮਾਂ ’ਚੋਂ ਉਗਮਣ ਵਾਲੀ ਸੋਚ ਦੀ, ਕਲਮ ਰਾਹੀਂ ਪੈਦਾ ਹੋਏ ਹੋਸ਼ ਤੇ ਜੋਸ਼ ਦੀ, ਕਲਮ-ਕੀਰਤੀ ਦੀ ਕਰਤਾਰੀ ਆਭਾ ਦੀ, ਫੱਟੀ ’ਤੇ ਪਾਏ ਪੂਰਨਿਆਂ ਦੀ ਪੁੱਗ ਚੁੱਕੀ ਆਉਧ ਦੀ, ਦਵਾਤ ਵਿਚ ਪਈ ਸਿਆਹੀ ਅਤੇ ਇਸ ’ਚੋਂ ਉੱਘੜਵੀਂ ਲਿਖਾਈ ਦੀ।

ਕਵਿਤਾ ਲਿਖਣੀ ਹੈ ਵਕਤ ਤੇ ਵਿਹਾਰ ਦੀ, ਵਸਤ ਤੇ ਵਿਚਾਰ ਦੀ, ਵਹਿਮ ਤੇ ਉਪਚਾਰ ਦੀ, ਵਹਿੰਗੀ ਤੇ ਕਿਰਦਾਰ ਦੀ, ਵਿਭਚਾਰ ਤੇ ਅਚਾਰ ਦੀ, ਵੈਣ ਦੀ ਤੇ ਆਏ ਲੰਗਾਰ ਦੀ, ਵਸੀਅਤ ਤੇ ਸੋਚ-ਸੰਸਾਰ ਦੀ, ਵਡੱਪਣ ਤੇ ਨਿੱਕੜੇ ਅਕਾਰ ਦੀ ਅਤੇ ਵਰਮੀ ਤੇ ਸੱਪ-ਮਾਰ ਦੀ।

ਕਵਿਤਾ ਲਿਖਣਾ ਚਾਹਾਂਗਾ, ਚੰਗਿਆਈ ਤੇ ਨੀਚਤਾ ਦੀ, ਭਲਿਆਈ ਤੇ ਬੁਰਾਈ ਦੀ, ਬੰਦਿਆਈ ਤੇ ਬਦਇਖ਼ਲਾਕ ਦੀ, ਬੰਦਗੀ ਤੇ ਗੰਦਗੀ ਦੀ, ਬਖਸ਼ਿਸ਼ ਤੇ ਬੇਰੁਹਮਤੀ ਦੀ, ਭਾਣੇ ਤੇ ਹੋਣੀ ਦੀ, ਹਾਦਸੇ ਤੇ ਹਾਸਲ ਦੀ, ਸਿਸਕੀਆਂ ਤੇ ਸ਼ਿਕਵਿਆਂ ਦੀ ਅਤੇ ਰੋਸਿਆਂ ਤੇ ਮਨੌਤਾਂ ਦੀ।

ਕਵਿਤਾ ਲਿਖੀ ਤਾਂ ਲਿਖਾਂਗਾ, ਆਪਣਿਆਂ ਨੂੰ ਮਿਲਣ ਲਈ ਤਰਸੀ ਆਸ ਦੀ, ਉਨ੍ਹਾਂ ’ਚੋਂ ਗੁੰਮ ਹੁਲਾਸ ਦੀ, ਖਿਆਲੋਂ ਖੁੱਥੇ ਕਿਆਸ ਦੀ, ਪਿੰਡ ਵਿਚਲੇ ਉੱਜੜੇ ਖਰਾਸ ਦੀ, ਖਾਲੀ ਘਰਾਂ ਵਿਚਲੇ ਪਰਵਾਸ ਦੀ ਅਤੇ ਬੇਵਾ ਹੋ ਚੁੱਕੀ ਨਾ ਪਰਤਣ ਦੀ ਆਸ ਦੀ। ਕਵਿਤਾ ਲਿਖਾਂਗਾ ਘਰਾਂ ਦੀ ਉਦਾਸੀ ਦੀ, ਕਮਰਿਆਂ ਵਿਚੋਂ ਗੁੰਮਸ਼ੁਦਾ ਹਾਸੀ ਦੀ, ਭੈਅ ’ਚ ਕੀਤੀ ਜਾ ਰਹੀ ਉਦਾਸੀ ਦੀ, ਖਿਡੌਣਿਆਂ ਦੀ ਲਾਚਾਰੀ ਦੀ ਅਤੇ ਬਚਪਨੇ ’ਤੇ ਚਿਪਕੀ ਬੇਚਾਰਗੀ ਦੀ।

ਕਵਿਤਾ ਲਿਖਣੀ ਏ ਮਾਂ ਦੀ ਡੱਬੀਦਾਰ ਖੇਸੀ ਦੀ, ਬਰਕਤ ਬਣੇ ਬਾਪੂ ਦੇਸੀ ਦੀ, ਪੀੜਾ ਪੁੱਤ ਪਰਦੇਸੀ ਦੀ, ਉਮਰਾ ਦਰਦ-ਵਰੇਸੀ ਦੀ ਅਤੇ ਹਉਕਿਆਂ-ਹਾਰ ਦਰਵੇਸ਼ੀ ਦੀ। ਕਵਿਤਾ ਲਿਖਣ ਲਈ ਮਨ ਹੈ, ਚਾਅ ਦੀ ਉਲਝੀ ਤਾਣੀ ਦੀ, ਰੁੱਤ ਉਤਰੀ ਖਸਮਾਂ ਖਾਣੀ ਦੀ, ਗੁਆਚੀ ਚੀਜ਼ ਪੁਰਾਣੀ ਦੀ, ਡਾਰੋਂ ਵਿੱਛੜੇ ਹਾਣੀ ਦੀ, ਜਿੰਦ ਹੰਝੂਆਂ ਹਾਰ ਨਿਤਾਣੀ ਦੀ ਅਤੇ ਹੰਝੂ ’ਚ ਹੰਝੂ ਹੋ ਜਾਣੀ ਦੀ।

ਕਵਿਤਾ ਉਤਰਦੀ ਏ ਰੂੜੀ ’ਤੇ ਪਏ ਭਰੂਣ ਲਈ, ਜੱਟਾਂ ਦੀ ਵਿਗੜੀ ਜੂਨ ਲਈ ਅਤੇ ਚਿੱਟੇ ਹੋ ਗਏ ਖੂਨ ਲਈ। ਕਵਿਤਾ ਹੋਕਰਾ ਬਣਨਾ ਚਾਹੁੰਦੀ ਏ, ਹੱਕਾਂ ’ਤੇ ਪੈਂਦੇ ਡਾਕਿਆਂ ਦੀ, ਉਚੱਕੇ ਬਣ ਗਏ ਰਾਖਿਆਂ ਦੀ, ਧਰਮ ਦੇ ਨਾਮ ’ਤੇ ਵੰਡੇ ਇਲਾਕਿਆਂ ਦੀ, ਰੱਤ ਲਿਬੜੀ ਕੰਧ ’ਤੇ ਖਾਕਿਆਂ ਦੀ ਅਤੇ ਬੇਲੋੜੇ ਪੈਂਦੇ ਸਿਆਪਿਆਂ ਦੀ।

ਕਵਿਤਾ ਲਿਖਾਂਗਾ ਕਵਿਤਾ ਦੀ ਸਲਾਮਤੀ ਲਈ, ਇਸ ਦੀ ਆਭਾ ਦੇ ਨਿਖਾਰ ਲਈ, ਅਰਥ-ਅਰਾਧਨਾ ਦੀ ਅਰਦਾਸ ਲਈ, ਆਸ-ਅਰਜੋਈ ਲਈ, ਆਸਵੰਤਾ ਲਈ, ਸੁਹਜ-ਸੰਵੇਦਨਾ ਲਈ, ਹਰਫ਼-ਮੌਲਤਾ ਤੇ ਸਦਾ-ਬਹਾਰੀ ਲਈ, ਨਿਰੰਤਰਤਾ ਤੇ ਚਿਰੰਜੀਵਤਾ ਲਈ, ਸਾਦਗੀ ਤੇ ਸਮਰਪਣ ਲਈ, ਸਹਿਜ ਤੇ ਸੰਤੋਖ ਲਈ ਅਤੇ ਅੱਖਰ-ਸਾਧਨਾ ਤੇ ਸੇਧ ਲਈ।

ਕਵਿਤਾ ਤਾਂ ਲਿਖਾਂਗਾ, ਬਚਪਨਾ ਹੰਢਾਉਣ ਦੀ ਤਮੰਨਾ ਦੇ ਪ੍ਰਗਟਾਅ ਦੀ, ਬਚਪਨੀ ਸ਼ਰਾਰਤਾਂ ’ਚ ਬਚਪਨਾ ਨਿਹਾਰਨ ਦੀ, ਬਾਪ ਨਾਲ ਬੀਤੇ ਨੂੰ ਮੋੜ ਲਿਆਣ ਦੀ, ਕਵਿਤਾ ਨੂੰ ਰਿਝਾਉਣ ਅਤੇ ਇਸ ਦੀ ਉੱਚਮਤਾ ਤੇ ਸੁੱਚਮਤਾ ਨੂੰ ਸਦਾ-ਬਹਾਰ ਬਣਾਉਣ ਦੀ।

ਕਵਿਤਾ ਜੋ ਕਹਿਣਾ ਚਾਹੁੰਦੀ ਏ ਇਸ ਨੂੰ ਰੋਕਾਂਗਾ ਨਹੀਂ। ਇਸ ਦੀ ਬੁਲੰਦਗੀ ਤੇ ਬੇਬਾਕੀ ਨੂੰ ਸਲਾਮ ਕਰਾਂਗਾ। ਇਸ ਵਿਚੋਂ ਖੁਦ ਨੂੰ ਪੜ੍ਹਾਂਗਾ ਅਤੇ ਕੁਝ ਚੰਗੇਰਾ ਸਮਿਆਂ ਦੇ ਵਰਕੇ ਦੇ ਨਾਮ ਕਰਾਂਗਾ।

ਕਵਿਤਾ ਜਿਉਂਦੀ, ਜਾਗਦੀ, ਹੱਸਦੀ, ਹਸਾਉਂਦੀ, ਰੁਆਉਂਦੀ, ਪਤਿਆਉਂਦੀ, ਨਰਾਜ਼ਗੀ ਉਪਜਾਉਂਦੀ, ਸਲਾਹਾਂ ਦਿੰਦੀ, ਸਲਾਮਤੀ ਦਾ ਸਬੱਬ, ਮਾਣਮੱਤੀਆਂ ਮੱਤਾਂ, ਸੁਲੱਗ ਸੁਨੇਹੇ, ਅਦਬੀ ਹੁਲਾਰੇ, ਅੰਬਰੀ ਨਜ਼ਾਰੇ ਅਤੇ ਅਜ਼ੀਮ ਝਲਕਾਰੇ ਹਨ।

ਕਵਿਤਾ ਨੂੰ ਜਦੋਂ ਪੁੰਗਰਨ, ਵਿਗਸਣ ਅਤੇ ਪ੍ਰਫੁੱਲਤਾ ਵੰਨੀ ਤੋਰੀਦਾ ਤਾਂ ਕਵਿਤਾ ਨੂੰ ਮਿਲਦਾ ਮਾਣ, ਇਸ ਦੀ ਉਤਪਤੀ ਵਿਚ ਸਮਿਆਂ ਦਾ ਸੱਚ ਅਤੇ ਇਸ ਦੀ ਰਵਾਨਗੀ, ਰਿਦਮ ਅਤੇ ਰਸੀਲੇਪਣ ਵਿਚ ਰਚਿਆ ਹੋਇਆ ਏ ਮਨੁੱਖ ਦਾ ਵਿਕਾਸ।

ਕਵਿਤਾ ਲਿਖਾਂਗਾ ਕਰੁਣਾ ਤੇ ਕਰੋਧ ਦੀ, ਕਰੋਪੀ ਤੇ ਕਹਿਰ ਦੀ, ਕੁਦਰਤ ਤੇ ਕਾਇਨਾਤ ਦੀ, ਕਮੀਨਗੀ ਤੇ ਕੁਰੀਤੀਆਂ ਦੀ, ਕਾਲਖ਼ ਤੇ ਕਾਲ ਕੋਠੜੀਆਂ ਦੀ, ਕਿਤਾਬਾਂ ਤੇ ਕਿਤਾਬੀ ਮੋਹ-ਭੰਗਤਾ ਦੀ, ਕੀਰਨਿਆਂ ਤੇ ਕੁਬੋਲਾਂ ਦੀ, ਕੂੜ ਤੇ ਕੁਕਰਮਾਂ ਦੀ, ਕਿਆਮਤ ਤੇ ਕਠੋਰਤਾ ਦੀ, ਕੁਰਹਿਤ ਤੇ ਕਰਮ-ਹੀਣਤਾ ਦੀ ਅਤੇ ਕਲਯੁੱਗ ਤੇ ਕਰਮਵੇਤਾ ਦੀ।

ਕਵਿਤਾ ਲਿਖਾਂਗਾ, ਫੁੱਲਾਂ ਤੇ ਫੁੱਲਵਾੜੀਆਂ ਦੀ, ਬਹਾਰਾਂ ਤੇ ਬਾਗ-ਬਗੀਚਿਆਂ ਦੀ, ਮਹਿਕਾਂ ਤੇ ਲਬਰੇਜ਼ਤਾ ਦੀ, ਤਿਤਲੀਆਂ ਤੇ ਭੌਰਿਆਂ ਦੀ, ਬਿਰਖ਼-ਗਲਵਕੜੀ ਤੇ ਫੁੱਲ-ਗੁਫ਼ਤਗੂ ਦੀ ਅਤੇ ਫਿਜ਼ਾ ਤੇ ਫਿਜ਼ਾਈ ਰੰਗਰੇਜ਼ਤਾ ਦੀ।

ਕਵਿਤਾ ਲਿਖਾਂਗਾ, ਖੁਦ ਤੋਂ ਖੁਦ ਤੀਕ ਦੇ ਸਫ਼ਰ ਦੀ, ਖੁਦੀ ਵਿਚੋਂ ਮਿਟਾ ਦਿੱਤੇ ਗਏ ਅੱਖੜ-ਅੱਖਰ ਦੀ, ਮਰ ਜਾਣੇ ਮਿੱਤਰਾਂ ਦੀ ਜੋ ਪੈ ਗਏ ਨੇ ਜੂਨੇ ਪੱਥਰ ਦੀ ਅਤੇ ਸੱਜਣ ਜਿਨ੍ਹਾਂ ਨੂੰ ਮੇਰੀ ਹਾਕ ਨਹੀਂ ਟੱਕਰਦੀ, ਪਰ ਹੋਂਦ ਕਿਉਂ ਹੈ ਅੱਖਰਦੀ।

ਕਵਿਤਾ ਤਾਂ ਲਿਖਾਂਗਾ ਹੀ ਰੋਂਦੀਆਂ ਹਵਾਵਾਂ ਦੀ, ਸਿਸਕਦੀਆਂ ਫ਼ਿਜ਼ਾਵਾਂ ਦੀ, ਸੁੱਕਦੇ ਦਰਿਆਵਾਂ ਦੀ, ਸਾਹ-ਸੱਤਹੀਣ ਹੋਈਆਂ ਧਰਤ-ਦੁਆਵਾਂ ਦੀ, ਤਿੱਤਰਖੰਭੀ ਬਣੀਆਂ ਸੰਘਣੀਆਂ ਛਾਵਾਂ ਦੀ, ਬਿਰਖ਼ੀ ਹਾਵਿਆਂ ਦੀ, ਫੋਕੇ ਦਾਅਵਿਆਂ ਦੀ, ਪਾਣੀ ’ਚ ਉੱਗਦੇ ਹੌਕਿਆਂ ਦੀ ਅਤੇ ਪੈ ਰਹੇ ਸੋਕਿਆਂ ਦੀ।

ਕਵਿਤਾਂ ਲਿਖਾਂਗਾ ਆਪਣੇ ਹੱਥੀਂ ਮੌਤ ਦਾ ਸਾਮਾਨ ਬੰਨ੍ਹ ਰਹੇ ਮਨੁੱਖ ਦੀ, ਆਲ੍ਹਣੇ ਵਿਹੂਣੇ ਰੁੱਖ ਦੀ, ਬਾਂਝ ਕਰ ਦਿੱਤੀ ਕੁੱਖ ਦੀ ਅਤੇ ਅਮਾਨਵੀ ਭੁੱਖ ਦੀ, ਜਾਨ ਦਾ ਖੌਅ ਬਣ ਗਏ ਸੁੱਖ ਦੀ ਅਤੇ ਹਰਫ਼ਾਂ ਵਿਚ ਸਹਿਮੀ ਚੁੱਪ ਦੀ। ਕਵਿਤਾ ਲਿਖਾਂਗਾ ਵੱਡੇ ਵੱਡੇ ਘਰਾਂ ਵਿਚ ਰਹਿ ਰਹੇ ਬੌਣੇ ਲੋਕਾਂ ਦੀ, ਵੱਡੀਆਂ ਕਾਰਾਂ ਵਿਚ ਤੁਰੀ ਫਿਰਦੀ ਜੰਗਾਲੀ ਜ਼ਹਿਨੀਅਤ ਦੀ, ਕੁਰਸੀਆਂ ’ਤੇ ਬੈਠੇ ਹੀਣੇ ਚੌਧਰੀਆਂ ਦੀ ਅਤੇ ਤਖ਼ਤਾਂ ਦੇ ਵਸੀਅਤੀ ਵਾਰਸਾਂ ਦੀ।

ਕਵਿਤਾਂ ਲਿਖਾਂਗਾ ਅਣਹੋਣੀਆਂ ਨੂੰ ਹੋਣੀਆਂ ਵਿਚ ਬਦਲਣ ਵਾਲੇ ਇਤਿਹਾਸ ਦੀ, ਪੈਰਾਂ ਵਿਚ ਸਫ਼ਰ ਉਗਾਉਣ ਅਤੇ ਮੰਜ਼ਲਾਂ ਪਾਉਣ ਵਾਲੇ ਸ਼ਖ਼ਸਾਂ ਦੀ ਅਤੇ ਸਮਿਆਂ ’ਤੇ ਉੱਕਰੇ ਨਕਸ਼ਾਂ ਦੀ।

ਕਵਿਤਾ ਲਿਖਾਂਗਾ ਉਸ ਕਵਿਤਾ ਬਾਰੇ ਜੋ ਵਰਕੇ ’ਤੇ ਉਤਰਨ ਤੋਂ ਨਾਬਰ ਹੋ, ਗੂੰਗੀ ਹੋ ਗਈ। ਜਿਸ ਦੇ ਹਰਫ਼ਾਂ ਵਿਚ ਡਰ ਦਾ ਡੇਰਾ ਅਤੇ ਅਰਥਾਂ ਵਿਚ ਸਹਿਮ ਦਾ ਸੰਤਾਪ। ਕਵਿਤਾ ਤਾਂ ਉਨ੍ਹਾਂ ਦੋਸਤਾਂ ਬਾਰੇ ਲਿਖਾਗਾਂ ਜੋ ਮਿਲਣੋਂ ਵੀ ਗਏ। ਮਰਨ ਤੋਂ ਬਾਅਦ ਆ ਕੇ ਕਿਹੜੀਆਂ ਗੱਲਾਂ ਕਰਨਗੇ, ਕਿੱਥੋਂ ਭਾਲਣਗੇ ਹੁੰਗਾਰਾ ਅਤੇ ਕਿਹੜੀਆਂ ਯਾਦਾਂ ਨੂੰ ਸੱਥਰ ’ਤੇ ਬਹਿ ਕੇ ਸਾਂਝਾ ਕਰਨਗੇ। ਕਿੰਨਾ ਸਹੀ ਹੈ, ਮਹਾਨ ਸ਼ਾਇਰ ਗੁਲਜ਼ਾਰ ਦਾ ਕਹਿਣਾ, “ਜੀਅ ਕਰਦੈ ਕਿ ਦੋਸਤਾਂ ’ਤੇ ਮੁਕੱਦਮਾ ਹੀ ਕਰ ਦਿਆਂ। ਇਸ ਬਹਾਨੇ ਉਹ ਕਚਹਿਰੀ ਵਿਚ ਤਾਰੀਕ ’ਤੇ ਤਾਂ ਮਿਲ ਹੀ ਪਿਆ ਕਰਨਗੇ।” ਮਿਲਣ ਦੀ ਜੁਸਤਜੂ ਪਾਲਣ ਵਾਲੀ ਕਵਿਤਾ ਜ਼ਰੂਰ ਲਿਖਾਂਗਾ, ਆਪਣੇ ਮਿੱਤਰਾਂ ਲਈ ਜਿਨ੍ਹਾਂ ਕਾਰਨ ਲਏ ਹੋਏ ਸਾਹ ਮੇਰੀ ਜ਼ਿੰਦਗੀ ਬਣ ਗਏ।

ਅਜਿਹੀ ਕਵਿਤਾ ਜ਼ਰੂਰ ਲਿਖਾਂਗਾ…।

LEAVE A REPLY

Please enter your comment!
Please enter your name here