ਕਾਂਗਰਸ ਵਰਕਿੰਗ ਕਮੇਟੀ ਦੀ 16 ਨੂੰ ਨਵੀਂ ਦਿੱਲੀ ’ਚ ਮੀਟਿੰਗ

2

ਨਵੀਂ ਦਿੱਲੀ, 9 ਅਕਤੂਬਰ

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 16 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ, ਜਿਸ ਵਿੱਚ ਪਾਰਟੀ ਲੀਡਰਸ਼ਿਪ ਵੱਲੋਂ ਮੌਜੁੂਦਾ ਸਿਆਸੀ ਸਥਿਤੀ, ਲਖੀਮਪੁਰ ਖੀਰੀ ਹਿੰਸਾ ਅਤੇ ਸੰਗਠਨਾਤਮਕ ਚੋਣਾਂ ਬਾਰੇ ਫ਼ੈਸਲੇ ’ਤੇ ਚਰਚਾ ਕੀਤੀ ਜਾਵੇਗੀ।

ਪਾਰਟੀ ਦੇ ਕੁਝ ਅਹਿਮ ਮੁੱਦਿਆਂ, ਜਿਨ੍ਹਾਂ ਵਿੱਚ ਪਿਛਲੇ ਸਮੇਂ ’ਚ ਕੁਝ ਨੇਤਾਵਾਂ ਦੀ ਦਲ ਬਦਲੀ ਆਦਿ ਸ਼ਾਮਲ ਹਨ, ਉੱਤੇ ਚਰਚਾ ਲਈ ਕੁਝ ਮਹੀਨਿਆਂ ਤੋਂ ਮੀਟਿੰਗ ਦੀ ਮੰਗ ਕੀਤੀ ਜਾ ਰਹੀ ਸੀ। ਰਾਜ ਸਭਾ ’ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਵੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਜਲਦੀ ਸੱਦਣ ਲਈ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖ ਚੁੱਕੇ ਹਨ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਟਵੀਟ ਕੀਤਾ, ‘ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 16 ਅਕਤੂਬਰ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ’ਚ ਅਕਬਰ ਰੋਡ ਸਥਿਤ ਕਾਂਗਰਸ ਦੇ ਦਫ਼ਤਰ ਵਿੱਚ ਹੋਵੇਗੀ। ਮੀਟਿੰਗ ਵਿੱਚ ਮੌਜੁੂਦਾ ਸਿਆਸੀ ਸਥਿਤੀ, ਅਗਾਮੀ ਵਿਧਾਨ ਸਭਾ ਚੋਣਾਂ ਅਤੇ ਸੰਗਠਨਾਤਮਕ ਚੋਣਾਂ ਬਾਰੇ ਚਰਚਾ ਕੀਤੀ ਜਾਵੇਗੀ।’ ਮੀਟਿੰਗ ’ਚ ਪਾਰਟੀ ਲੀਡਰਸ਼ਿਪ ਵੱਲੋਂ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ਸਬੰਧੀ ਪ੍ਰੋਗਰਾਮ ’ਤੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਪਾਰਟੀ ਨੇ 22 ਜਨਵਰੀ ਨੂੰ ਹੋਈ ਆਪਣੀ ਸੀਡਬਲਿਊਸੀ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਦੀ ਚੋਣ ਇਸੇ ਸਾਲ ਜੂਨ ਮਹੀਨੇ ਕਰਨ ਦਾ ਫ਼ੈਸਲਾ ਕੀਤਾ ਸੀ ਪਰ 10 ਮਈ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ’ਚ ਕਰੋਨਾ ਲਾਗ ਕਾਰਨ ਸਥਿਤੀ ਦੇ ਮੱਦੇਨਜ਼ਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਤਾਜ਼ਾ ਮੀਟਿੰਗ ਲਖੀਮਪੁਰ ਵਿੱਚ ਲੰਘੀ 3 ਅਕਤੂਬਰ ਨੂੰ ਹੋਈ ਹਿੰਸਕ ਘਟਨਾ, ਜਿਸ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਕਾਫਲੇ ਨਾਲ ਕਥਿਤ ਤੌਰ ’ਤੇ ਸਬੰਧਤ ਇੱਕ ਐੱਸਯੂਵੀ ਵੱਲੋਂ ਕੁਚਲਣ ਕਾਰਨ ਚਾਰ ਕਿਸਾਨਾਂ ਸਣੇ 8 ਜਣੇ ਮਾਰੇ ਗਏ ਸਨ, ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਸੀਡਬਲਿਊਸੀ ਮੀਟਿੰਗ ਦੌਰਾਨ ਦਲ ਬਦਲੀ ਆਦਿ ਮੁੱਦਿਆਂ ਨੂੰ ਲੈ ਕੇ ਪਾਰਟੀ ’ਚ ਅਸਹਿਮਤੀ ਅਤੇ ਚੋਣਾਂ ਵਿੱਚ ਪਾਰਟੀ ਦੇ ਖਰਾਬ ਪ੍ਰਦਰਸ਼ਨ ’ਤੇ ਵੀ ਚਰਚਾ ਕੀਤੀ ਜਾਵੇਗੀ। -ਪੀਟੀਆਈ

Leave a Reply