ਰਤਨ ਸਿੰਘ ਢਿੱਲੋਂ

ਅੰਬਾਲਾ, 20 ਜੁਲਾਈ

ਸਿਰਸਾ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਹੋਏ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਵਿਰੋਧੀ ਧਿਰ ਨੇ ਸਵਾਲ ਖੜ੍ਹੇ ਕੀਤੇ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਦੇਸ਼ਧ੍ਰੋਹ ਦੀਆਂ ਧਾਰਾਵਾਂ ਗ਼ਲਤ ਲਾਈਆਂ ਗਈਆਂ ਹਨ ਤੇ ਇਹ ਧਾਰਾਵਾਂ ਵਾਪਸ ਲਈਆਂ ਜਾਣੀਆਂ ਚਾਹੀਦੀਆਂ ਹਨ। ਇਸ ਮੁੱਦੇ ’ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਨੂੰਨ ਦੀ ਪ੍ਰਕਿਰਿਆ ਨੂੰ ਮੁੱਖ ਰੱਖਦਿਆਂ ਇਹ ਧਾਰਾਵਾਂ ਕਾਨੂੰਨੀ ਰਾਏ ਲੈਣ ਮਗਰੋਂ ਹੀ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਧਾਰਾ ਲਾਈ ਜਾਂਦੀ ਹੈ, ਉਹ ਕਾਨੂੰਨੀ ਰਾਏ ਲੈ ਕੇ ਹੀ ਲਗਾਈ ਜਾਂਦੀ ਹੈ।

ਲੋਕ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਵਿਰੋਧੀ ਧਿਰ ਵੱਲੋਂ ਰੌਲਾ-ਰੱਪਾ ਪਾਉਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਜੇ ਵਿਰੋਧੀ ਧਿਰ ਨੂੰ ਸਰਕਾਰ ਕੋਲੋਂ ਕੋਈ ਜਵਾਬ ਚਾਹੀਦਾ ਹੈ ਤਾਂ ਸਦਨ ਦੀ ਮਰਿਆਦਾ ਅਨੁਸਾਰ ਪ੍ਰਸ਼ਨ ਉਠਾਏ ਤੇ ਜਵਾਬ ਜ਼ਰੂਰ ਮਿਲੇਗਾ ਪਰ ਵਿਰੋਧੀ ਧਿਰ ਸਵਾਲ ਪੁੱਛਣ ਦੀ ਥਾਂ ਹੱਲਾ ਮਚਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਹੱਲੇ ਦਾ ਕੀ ਜਵਾਬ ਦਿੱਤਾ ਜਾ ਸਕਦਾ ਹੈ। ਆਪਣੇ ਨਿਵਾਸ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ (ਲੋਕ ਸਭਾ ਸੈਸ਼ਨ) ਚੱਲ ਰਹੀ ਹੈ। ਵਿਰੋਧੀ ਸਿਆਸੀ ਧਿਰਾਂ ਸਵਾਲ ਕਰਨ ਦੀ ਥਾਂ ਸ਼ੋਰ ਮਚਾਉਂਦੀਆਂ ਹਨ। 

LEAVE A REPLY

Please enter your comment!
Please enter your name here