ਸ਼ਗਨ ਕਟਾਰੀਆ

ਬਠਿੰਡਾ, 5 ਜੂਨ

ਭਾਜਪਾ ਯੁਵਾ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਸੰਭਾਵੀ ਟਕਰਾਅ ਅੱਜ ਠੀਕ ਉਸ ਵਕਤ ਟਲ ਗਿਆ, ਜਦੋਂ ਪੁਲੀਸ ਨੇ ਪ੍ਰਦਰਸ਼ਨ ਕਰਨ ਪਹੁੰਚੇ ਭਾਜਪਾ ਯੁਵਾ ਮੋਰਚੇ ਦੇ ਦੋ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਤਿਵਾੜੀ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ ’ਚ ਅੱਧੀ ਦਰਜਨ ਵਿਅਕਤੀ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਗਈ ਵੈਕਸੀਨ ਦਾ ਵਿਰੋਧ ਕਰਨ ਲਈ ਇਥੇ ਫ਼ਾਇਰ ਬ੍ਰਿਗੇਡ ਚੌਕ ਵਿਚ ਪਹੁੰਚੇ ਸਨ। ਭਾਜਪਾ ਦੇ ਇਸ ਪ੍ਰਦਰਸ਼ਨ ਬਾਰੇ ਜਦੋਂ ‘ਸੰਪੂਰਨ ਕ੍ਰਾਂਤੀ ਦਿਵਸ’ ਸਬੰਧੀ ਇਕੱਠੇ ਹੋਏ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਰੋਜ਼ ਗਾਰਡਨ ਤੋਂ ਫਾਇਰ ਬ੍ਰਿਗੇਡ ਚੌਕ ਵੱਲ ਵਹੀਰਾਂ ਘੱਤ ਦਿੱਤੀਆਂ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਯੁਵਾ ਮੋਰਚੇ ਦੇ ਵਰਕਰਾਂ ਨੂੰ ਉਥੋਂ ਜਾਣ ਲਈ ਹਾਲੇ ਕਿਹਾ ਹੀ ਜਾ ਰਿਹਾ ਸੀ ਕਿ ਨੇੜੇ ਪਹੁੰਚੇ ਕਿਸਾਨਾਂ ਦੀ ਨਾਅਰੇਬਾਜ਼ੀ ਸੁਣਦੇ ਹੀ, ਪੁਲੀਸ ਦੋਵੇਂ ਆਗੂਆਂ ਨੂੰ ਆਪਣੀ ਗੱਡੀ ’ਚ ਬਿਠਾ ਕੇ ਥਾਣਾ ਕੋਤਵਾਲੀ ਲੈ ਗਈ।

ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਦੀ ਅਗਵਾਈ ’ਚ ਪਹੁੰਚੇ ਕਿਸਾਨਾਂ ਅਤੇ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਨੇ ਚੌਕ ਵਿੱਚ ਧਰਨਾ ਲਾ ਕੇ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੋਟੜਾ ਨੇ ਕਿਹਾ ਕਿ ਵੈਕਸੀਨ ਦੀ ਵਿਕਰੀ ਦਾ ਮਾਮਲਾ ਤਾਂ ਬਹੁਤ ਛੋਟਾ ਹੈ, ਜਦਕਿ ਭਾਜਪਾ ਨੇ ਪੂਰਾ ਦੇਸ਼ ਹੀ ਸਰਮਾਏਦਾਰਾਂ ਹੱਥ ਵੇਚ ਦਿੱਤਾ ਹੈ। ਉਨ੍ਹਾਂ ਦੋ-ਟੁਕ ਲਹਿਜ਼ੇ ’ਚ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਤਦ ਤੱਕ ਭਾਜਪਾ ਪੰਜਾਬ ’ਚ ਕੋਈ ਪ੍ਰੋਗਰਾਮ ਕਰਨ ਦਾ ਭੁਲੇਖਾ ਮਨ ’ਚ ਨਾ ਪਾਲੇ। ਇਥੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮੋਦੀ ਸਰਕਾਰ ਖ਼ਿਲਾਫ਼ ਆਪਣਾ ਰੋਸ ਦਰਜ ਕਰਵਾਇਆ। ਉਧਰ ਹਿਰਾਸਤ ’ਚ ਲਏ ਭਾਜਪਾ ਆਗੂਆਂ ਨੂੰ ਪੁਲੀਸ ਨੇ ਕਰੀਬ ਡੇਢ ਘੰਟੇ ਮਗਰੋਂ ਰਿਹਾਅ ਕੀਤਾ।

LEAVE A REPLY

Please enter your comment!
Please enter your name here