ਪੱਤਰ ਪ੍ਰੇਰਕ

ਨਵੀਂ ਦਿੱਲੀ, 10 ਜੂਨ

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸ਼ਾਂਤਮਈ ਮੋਰਚੇ ਦੇ ਦਬਾਅ ਸਦਕਾ ਭਾਜਪਾ ਸਰਕਾਰ ’ਚ ਆਪਸੀ ਸ਼ਰੀਕਾ ਭੇੜ ਸ਼ੁਰੂ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਹਿੱਸੇ ਇਹ ਗੱਲ ਮਹਿਸੂਸ ਕਰ ਰਹੇ ਹਨ ਕਿ ਕਿਸਾਨੀ ਘੋਲ ਚਲਦੇ ਨੂੰ ਸਾਢੇ ਅੱਠ ਮਹੀਨੇ ਦਾ ਸਮਾਂ ਹੋ ਗਿਆ ਹੈ ਅਜੇ ਤੱਕ ਮੋਦੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ ਪਰ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨਾਲ ਭਾਜਪਾ ਦੀ ਲੀਡਰਸ਼ਿਪ ਵਿੱਚ ਖਲਾਰੇ ਪੈਣੇ ਸ਼ੁਰੂ ਹੋ ਗਏ ਹਨ, ਜਿਸ ਦੀ ਮਿਸਾਲ ਯੂਪੀ ਦਾ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਵਲੋਂ ਬਗਾਵਤ ਅਤੇ ਆਰਐੱਸਐੱਸ ਵੱਲੋਂ ਵਿਰੋਧੀ ਹੋਣਾ ਹੈ। ਪ੍ਰਧਾਨ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਭਾਜਪਾ ਦੇ ਸਿਰਕੱਢ ਆਗੂ ਅਨਿਲ ਜੋਸ਼ੀ ਤੇ ਮਨੋਹਰ ਲਾਲ ਨੇ ਮੋਦੀ ਨੂੰ ਸਲਾਹ ਦਿੱਤੀ ਕਿ ਜੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਬੈਠ ਕੇ ਮਸਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਆਉਣ ਵਾਲੀਆ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਲੋਕਾਂ ਨੇ ਵੜਨ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਭਾਜਪਾ ’ਤੇ ਦਬਾਅ ਕਿਸਾਨਾਂ ਮਜ਼ਦੂਰਾਂ ਵਿਚ ਬਣ ਰਹੇ ਗੂੜ੍ਹੇ ਏਕੇ ਦੇ ਸੰਘਰਸ਼ ਸਦਕਾ ਹੈ। ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਵੱਲੋਂ ਪਾਏ ਜਾ ਰਹੇ ਮਤਿਆਂ ਨਾਲ ਇਹ ਏਕਤਾ ਤੋੜਨ ਦੀ ਇੱਕ ਸਿਆਸੀ ਚਾਲ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਏਕਤਾ ਦਾ ਧਿਆਨ ਰੱਖਦੇ ਹੋਏ ਇਸ ਮਸਲੇ ਦਾ ਦੋਵੇਂ ਧਿਰਾਂ ਵੱਲੋਂ ਬੈਠ ਕੇ ਸਾਂਝਾ ਹੱਲ ਕੱਢਿਆ ਜਾਵੇ।

ਜੀਂਦ (ਮਹਾਵੀਰ ਮਿੱਤਲ): ਕਿਸਾਨ ਅੰਦੋਲਨ ਵਿੱਚ ਭਾਗ ਲੈਣ ਲਈ ਨਵੀਂ ਅਨਾਜ ਮੰਡੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਇੱਕਠੇ ਹੋਏ। ਉਸ ਤੋਂ ਬਾਅਦ ਸੈਂਕੜੇ ਵਾਹਨਾਂ ਵਿੱਚ ਸਵਾਰ ਹੋ ਕੇ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਏ। ਇਨ੍ਹਾਂ ਦੀ ਅਗਵਾਈ ਨਿਮਨਾਬਾਦ ਦੇ ਗਗਨਦੀਪ ਸਿੰਘ, ਧਰਮਗੜ੍ਹ ਦੇ ਸਰਪੰਚ ਅਜੀਤਪਾਲ ਸਿੰਘ, ਰਾਮਪੁਰਾ ਦੇ ਸਰਪੰਚ ਸ਼ੇਰ ਸਿੰਘ, ਨਵਦੀਪ ਸਿੰਘ ਰੋੜ ਅਤੇ ਦਿਲਬਾਗ ਸਿੰਘ ਨੇ ਕੀਤੀ। ਅਜੀਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਕਿੰਨਾ ਵੀ ਦਬਾਉਣ ਜਾਂ ਕੁਚਲਨ ਦੀ ਕੋਸ਼ਿਸ਼ ਕਰਨ ਪਰ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਕਿਸਾਨ ਆਪਣੇ ਘਰ ਵਾਪਸ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਖੇਤੀ ਦੇ ਤਿੰਨੇ ਕਾਨੂੰਨ ਵਾਪਸ ਲੈਣੇ ਪੈਣਗੇ ਅਤੇ ਫਸਲਾਂ ਦਾ ਐੱਮਐੱਸਪੀ ਰੇਟ ਵੀ ਦੇਣਾ ਪਵੇਗਾ। ਕੇਂਦਰ ਸਰਕਾਰ ਜਦੋਂ ਤੱਕ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੀਆਂ, ਉਦੋਂ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।

ਨਾਟਕ ‘ਉੱਠਣ ਦਾ ਵੇਲ਼ਾ’ ਦਾ ਮੰਚਨ

ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਸਟੇਜ ’ਤੇ ਲੋਕ ਕਲਾ ਮੰਚ, ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਨਾਟਕ ‘ਉੱਠਣ ਦਾ ਵੇਲ਼ਾ’ ਦਾ ਮੰਚਨ ਕੀਤਾ ਗਿਆ। ਨਾਟਕ ਰਾਹੀਂ ਕਿਸਾਨ-ਅੰਦੋਲਨ ’ਤੇ ਝਾਤ ਪਾਉਂਦਿਆਂ ਕਲਾਕਾਰਾਂ ਨੇ ਦਿਖਾਇਆ ਕਿ ਅੰਦੋਲਨ ਸਿਰਫ ਕਿਸਾਨਾਂ ਤੱਕ ਸੀਮਤ ਨਹੀਂ ਹੈ, ਇਨ੍ਹਾਂ ਕਾਨੂੰਨਾਂ ਦੇ ਮਾੜੇ ਪ੍ਰਭਾਵ ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਕਾਰੀਗਰਾਂ ’ਤੇ ਵੀ ਪੈਣਗੇ। ਇਸ ਕਰਕੇ ਸਮੁੱਚੇ ਕਿਰਤੀ ਲੋਕਾਂ ਨੂੰ ਇਕਜੁੱਟਤਾ ਦਿਖਾਉਂਦਿਆਂ ਸੰਘਰਸ਼ ਦਾ ਪਿੜ ਮੱਲਣਾ ਚਾਹੀਦਾ ਹੈ। ਨਾਟਕ ਦੌਰਾਨ ਲੋਕਾਂ ਦਾ ਰੋਹ ਅਤੇ ਜੋਸ਼ ਵੇਖਣਯੋਗ ਸੀ। ਟੀਮ ਦੇ ਕਲਾਕਾਰਾਂ ਵਿੱਚ ਸੁਰਿੰਦਰ ਸ਼ਰਮਾ, ਦੀਪਕ ਰਾਏ, ਹਰਮਨਦੀਪ ਲੀਹਾਂ, ਰਣਵੀਰ ਸਿੰਘ, ਕਿਰਨਦੀਪ ਕੌਰ, ਅਮਨਦੀਪ ਕੌਰ, ਅਭਿਨੈ ਬਾਂਸਲ ਸ਼ਾਮਿਲ ਸਨ।

ਟਿਕਰੀ ਮੋਰਚੇ ’ਚ ਭਗਤ ਸਿੰਘ ’ਤੇ ਕੋਰੀਓਗ੍ਰਾਫੀ ਪੇਸ਼

ਟਿਕਰੀ ਬਾਰਡਰ ਦਿੱਲੀ ਮੋਰਚੇ ਵਿੱਚ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ ਲੋਕ ਪੱਖੀ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ ਇਨਕਲਾਬੀ ਗੀਤ ‘ਤੇਰਾ ਦੇਸ਼ ਭਗਤ ਸਿਆਂ’ ’ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਅਤੇ ਟੀਮ ਦੇ ਰੂਪ ’ਚ ਇਨਕਲਾਬੀ ਗੀਤ ਪੇਸ਼ ਕੀਤੇ ਗਏ ਅਤੇ ਇਸ ਮੌਕੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕਕਾਰ ਗੁਰਸ਼ਰਨ ਭਾਅ ਜੀ ਦਾ ਲਿਖਿਆ ਨਾਟਕ ਇਹ ‘ਲਹੂ ਕਿਸਦਾ ਹੈ’ ਖੇਡਿਆ ਗਿਆ। ਸਮਾਗਮ ’ਚ ਪਹੁੰਚੇ ਹੋਏ ਲੋਕਾਂ ਵੱਲੋਂ ਵੀ ਗੀਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਦਿੱਲੀ ਮੋਰਚੇ ’ਚ ਪਹੁੰਚੇ ਹੋਏ ਨੌਜਵਾਨਾਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਲਈ ਟੀਮ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਮੋਰਚੇ ’ਚ ਪਹੁੰਚੇ ਨੌਜਵਾਨਾਂ ਨੂੰ ਉਨ੍ਹਾਂ ਦੇ ਰੋਲ ਤੋਂ ਜਾਣੂ ਕਰਵਾਉਂਦਿਆਂ ਨੌਜਵਾਨ ਸੱਥ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਤੇ ਨੌਜਵਾਨ ਸੱਥ ਦੀਆਂ ਹੋਰ ਸਰਗਰਮੀਆਂ ’ਚ ਆਪਣਾ ਰੋਲ ਨਿਭਾਉਣ ਲਈ ਸੱਥ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਭੇਜ ਸਿੰਘ ਵੱਲੋਂ ਨਿਭਾਈ ਗਈ।

LEAVE A REPLY

Please enter your comment!
Please enter your name here