ਅਜੀਤ ਸਿੰਘ ਚੰਦਨ

ਕੁਦਰਤ ਦੀ ਗੋਦ ਵਿੱਚ ਕਿੰਨਾ ਟਿਕਾਅ ਤੇ ਸ਼ਾਂਤੀ ਹੈ। ਇੰਜ ਲੱਗਦਾ ਹੈ ਜਿਵੇਂ ਸਾਰੀ ਪ੍ਰਕਿਰਤੀ ਕਿਸੇ ਵੰਦਨਾ ਤੇ ਅਰਦਾਸ ਵਿੱਚ ਲੀਨ ਹੋਵੇ। ਵਣ ਦੀ ਅਜਬ ਲੀਲ੍ਹਾ ਅਤੇ ਅਲੌਕਿਕ ਨਜ਼ਾਰੇ ਮਨੁੱਖੀ ਮਨ ਨੂੰ ਮੋਹ ਲੈਂਦੇ ਹਨ। ਪਹਾੜਾਂ ’ਤੇ ਵਸਦੇ ਲੋਕ ਇਨ੍ਹਾਂ ਦ੍ਰਿਸ਼ਾਂ ਦਾ ਆਨੰਦ ਲੈਂਦੇ ਹੋਏ ਰੱਬ ਦੇ ਕਿੰਨਾ ਨੇੜੇ ਰਹਿੰਦੇ ਹਨ। ਇਨ੍ਹਾਂ ਦੇ ਹਿਰਦੇ ਸਾਫ਼ ਤੇ ਨਜ਼ਰਾਂ ਝੀਲ ਵਰਗੀਆਂ ਡੂੰਘੀਆਂ ਤੇ ਸਵੱਛ ਹੁੰਦੀਆਂ ਹਨ। ਇਨ੍ਹਾਂ ਦਾ ਲਿਬਾਸ ਸਾਦਾ, ਪਰ ਦਿਲ ਦੇ ਅਮੀਰ ਹੁੰਦੇ ਹਨ। ਕਿਤੇ ਕਿਤੇ ਆਜੜੀ ਦੀ ਬੰਸਰੀ ਕੁਦਰਤ ਦੀ ਲੀਲ੍ਹਾ ਵਿੱਚ ਆਪਣਾ ਸੰਗੀਤ ਬਿਖੇਰਦੀ ਹੈ ਅਤੇ ਆਵਾਜ਼ ਦੀਆਂ ਮਿੱਠੀਆਂ ਸੁਰਾਂ ਹਵਾ ਵਿੱਚ ਘੁਲ ਮਿਲ ਜਾਂਦੀਆਂ ਹਨ। ਜਿੱਥੇ ਕਿਤੇ ਆਜੜੀ ਨਹੀਂ ਹਨ, ਉੱਥੇ ਝਰਨਿਆਂ ਦੇ ਵਗਦੇ ਪਾਣੀ ਅਤੇ ਫੁੱਟਦੀਆਂ ਆਬਸ਼ਾਰਾਂ ਮਿੱਠੀਆਂ ਆਵਾਜ਼ਾਂ ਨਾਲ ਇਨਸਾਨ ਦਾ ਸੁਆਗਤ ਕਰਦੀਆਂ ਹਨ। ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਸਵੱਛ ਹਵਾ ਮਰੇ ਪਏ ਇਨਸਾਨ ਨੂੰ ਵੀ ਜ਼ਿੰਦਗੀ ਬਖ਼ਸ਼ ਸਕਦੀ ਹੈ।
ਜੰਗਲ ਵਿੱਚ ਭੇਡਾਂ ਤੇ ਬੱਕਰੀਆਂ ਚਾਰਦੇ ਆਜੜੀ ਸੱਚ ਦੇ ਖੂਹਾਂ ’ਤੇ ਪਾਣੀ ਪੀਂਦੇ ਹਨ। ਉਨ੍ਹਾਂ ਲਈ ਪਹਾੜ ਘਰ ਹਨ ਅਤੇ ਪਹਾੜਾਂ ਵਿੱਚ ਵਗ ਰਹੀ ਹਵਾ, ਇਨ੍ਹਾਂ ਲਈ ਸੰਗੀਤ ਹੈ। ਰੁੱਖਾਂ ’ਤੇ ਬੋਲਦੇ ਤਿੱਤਰ ਤੇ ਪੰਛੀ, ਇਨ੍ਹਾਂ ਦੀ ਰੂਹ ਹੈ। ਜਿਵੇਂ ਦੀਵੇ ਦੀ ਕੰਬਦੀ ਰੌਸ਼ਨੀ ਵਿੱਚ ਆਰਤੀ ਦੇ ਬੋਲ ਸਮਾਏ ਹੁੰਦੇ ਹਨ, ਉਵੇਂ ਹੀ ਜਿਸ ਮਨ ਵਿੱਚ ਸੁਹਿਰਦਤਾ ਦੀ ਜੋਤ ਜਗਦੀ ਹੋਵੇ, ਉੱਥੇ ਸ਼ਕਤੀ ਦੇ ਅਥਾਹ ਦੀਵੇ ਜਗ ਪੈਂਦੇ ਹਨ। ਇਹ ਦੀਵੇ ਮਨੋਕਾਮਨਾਵਾਂ ਅਤੇ ਇੱਛਾਵਾਂ ਦੇ ਸੁਨੇਹੇ ਦਿੰਦੇ ਹਨ। ਸੁਹਿਰਦ ਦਿਲ ਨਾਲ ਕੀਤੀ ਅਰਦਾਸ ਸਦਾ ਪ੍ਰਵਾਨ ਚੜ੍ਹਦੀ ਹੈ।
ਅੱਜ ਦਾ ਇਨਸਾਨ ਸਾਇੰਸ ਦੀ ਤਰੱਕੀ ਨਾਲ ਜ਼ਿੰਦਗੀ ਦੀਆਂ ਬਹੁਤ ਮੰਜ਼ਿਲਾਂ ਪਾਰ ਕਰ ਚੁੱਕਾ ਹੈ। ਸਾਇੰਸ ਦੀ ਤਰੱਕੀ ਨੇ ਉਸ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਤੇ ਉਹ ਸਾਇੰਸ ਤੋਂ ਹੋਰ ਚਾਹਨਾਂ ਕਰੀ ਜਾ ਰਿਹਾ ਹੈ। ਜ਼ਿੰਦਗੀ ਦੀ ਨੱਠ ਭੱਜ ਸਾਇੰਸ ਦੀ ਤਰੱਕੀ ਨਾਲ ਕਾਫ਼ੀ ਵਧੀ ਹੈ। ਕੁਦਰਤੀ ਦ੍ਰਿਸ਼, ਰੁੱਖ, ਜੰਗਲ ਤੇ ਪਹਾੜਾਂ ਨੂੰ ਤਿਆਗ ਕੇ ਇਨਸਾਨ ਜ਼ਿੰਦਗੀ ਦੀਆਂ ਅਸਲੀ ਖ਼ੁਸ਼ੀਆਂ ਤੋਂ ਲਾਂਭੇ ਹੁੰਦਾ ਜਾ ਰਿਹਾ ਹੈ।
ਪੈਦਲ ਚੱਲਣ ਨੂੰ ਇਨਸਾਨ ਆਪਣੀ ਹੱਤਕ ਸਮਝਣ ਲੱਗਾ ਹੈ। ਅੱਜ ਦਾ ਇਨਸਾਨ ਸਾਨੂੰ ਬੌਣਾ ਤੇ ਬਨਾਵਟੀ ਜਿਹਾ ਦਿਖਾਈ ਦਿੰਦਾ ਹੈ। ਇੰਜ ਲੱਗਦਾ ਹੈ ਜਿਵੇਂ ਕੋਈ ਰੋਬੋਟ ਤੁਰਿਆ ਫਿਰਦਾ ਹੋਵੇ। ਕਿੰਨਾ ਕੁ ਚਿਰ ਇਨਸਾਨ ਇੰਨੀ ਗ਼ੈਰ ਕੁਦਰਤੀ ਜ਼ਿੰਦਗੀ ਜਿਊਂਦਾ ਰਹੇਗਾ। ਇਹ ਸ਼ੰਕਾ ਵਧਦੀ ਹੀ ਜਾਂਦੀ ਹੈ ਕਿ ਕਿਧਰੇ ਵਧ ਰਿਹਾ ਪ੍ਰਦੂਸ਼ਣ, ਧੂੰਆਂ ਤੇ ਰੌਲਾ ਤੇ ਅੱਜਕੱਲ੍ਹ ਦੀ ਜ਼ਿੰਦਗੀ ਦੀ ਘੜਮੱਸ ਕਿਸੇ ਦਿਨ ਇਨਸਾਨ ਦਾ ਗਲਾ ਨਾ ਘੁੱਟ ਦੇਵੇ। ਅਜੇ ਵੀ ਵਕਤ ਹੈ ਕਿ ਇਨਸਾਨ ਆਪਣੀ ਜ਼ਿੰਦਗੀ ਨੂੰ ਸਹਿਜ ਨਾਲ ਜੀਵੇ। ਕੁਦਰਤ ਦੇ ਨੇੜੇ ਰਹੇ ਤੇ ਕੁਦਰਦ ਦੀਆਂ ਦਿੱਤੀਆਂ ਸੌਗਾਤਾਂ ਨੂੰ ਮਾਣੇ। ਜੰਗਲ, ਵਣ ਤੇ ਪੰਛੀ ਅਜੇ ਵੀ ਇਨਸਾਨ ਦਾ ਰਾਹ ਵੇਖ ਰਹੇ ਹਨ ਕਿ ਕਦੇ ਇਨ੍ਹਾਂ ਨਾਲ ਸਾਂਝ ਪਾਵੇ ਤੇ ਖ਼ੁਸ਼ੀਆਂ ਸਾਂਝੀਆਂ ਕਰੇ। ਜ਼ਿੰਦਗੀ ਜੋ ਅੱਜ ਵੀ ਕੁਦਰਤ ਦੇ ਰੁੱਖਾਂ, ਜੰਗਲਾਂ ਤੇ ਪਾਣੀਆਂ ਵਿੱਚ ਸਾਹ ਲੈਂਦੀ ਹੈ। ਅੱਜ ਵੀ ਪਹਾੜ, ਝਰਨੇ, ਫੁੱਲ, ਵਣ ਤੇ ਪੱਤੇ ਇਨਸਾਨ ਦੇ ਪੈਰਾਂ ਦੀ ਛੋਹ ਲਈ ਵਿਆਕੁਲ ਹਨ।
ਕੁਦਰਤ ਦੀ ਅਨੰਤ ਲੀਲ੍ਹਾ ਵਿੱਚ ਬਹਾਰ ਦੀ ਰੁੱਤ ਆਉਣ ਵੇਲੇ ਅਨੇਕਾਂ ਰੁੱਖਾਂ ’ਤੇ ਨਵੇਂ ਪੱਤੇ ਫੁੱਟ ਪੈਂਦੇ ਹਨ। ਨਵੀਆਂ ਕਰੂੰਬਲਾਂ ਨਿਕਲ ਪੈਂਦੀਆਂ ਹਨ। ਰੁੱਖਾਂ ਵਿੱਚ ਜ਼ਿੰਦਗੀ ਦਾ ਸੰਚਾਰ ਸ਼ੁਰੂ ਹੋ ਜਾਂਦਾ ਹੈ। ਜਿਹੜੇ ਰੁੱਖ ਪਹਿਲਾਂ ਪੱਤਿਆਂ ਤੋਂ ਬਿਨਾਂ ਸੱਖਣੇ ਤੇ ਰੁੰਡ-ਮਰੁੰਡ ਜਿਹੇ ਨਜ਼ਰ ਆਉਂਦੇ ਸਨ। ਇਹ ਬਹਾਰ ਆਉਣ ਵੇਲੇ ਨਵੇਂ ਵਸਤਰ ਪਹਿਨ ਕੇ, ਨਵੀਂ ਦੁਲਹਨ ਵਾਂਗ ਫਬ ਜਾਂਦੇ ਹਨ। ਸਾਡੀਆਂ ਅੱਖਾਂ ਲਈ ਹਰਿਆਲੀ ਤੇ ਸੁੰਦਰਤਾ ਦਾ ਸੰਦੇਸ਼ ਲੈ ਕੇ ਆਉਂਦੇ ਹਨ। ਇਨ੍ਹਾਂ ਰੁੱਖਾਂ ਵੱਲ ਤੱਕਦਿਆਂ ਇਨਸਾਨ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖ਼ਿਆਲ ਆਉਂਦੇ ਹਨ ਕਿ ਕੀ ਇਨਸਾਨ ਵੀ ਇੰਜ ਹੀ ਰੁੱਖਾਂ ਵਾਂਗ ਅੰਦਰੋਂ ਤੇ ਬਾਹਰੋਂ ਸੁੰਦਰ ਬਣ ਸਕਦਾ ਹੈ। ਕੀ ਇਨਸਾਨ ਦੀ ਜ਼ਿੰਦਗੀ ਦੇ ਪੱਤੇ ਰੁੱਖਾਂ ਜਿੰਨੇ ਹੀ ਹਰੇ ਕਚੂਰ ਨਿਕਲ ਸਕਦੇ ਹਨ। ਕੀ ਇਨਸਾਨ ਦੀਆਂ ਖ਼ੁਸ਼ੀਆਂ, ਇਨ੍ਹਾਂ ਰੁੱਖਾਂ ’ਤੇ ਬੋਲਦੇ ਪੰਛੀਆਂ ਵਾਂਗ ਹੀ ਚਹਿਚਹਾਟ ਵਾਂਗ ਆਪਣੀ ਗੁੰਜਾਰ ਪੈਦਾ ਕਰ ਸਕਦੀਆਂ ਹਨ। ਪੰਛੀ ਖਰਾਬ ਮੌਸਮ ਵਿੱਚ ਇਨ੍ਹਾਂ ਰੁੱਖਾਂ ਦੇ ਪੱਤਿਆਂ ਵਿੱਚ ਲੁਕ-ਛਿਪ ਕੇ ਬੈਠੇ ਰਹਿੰਦੇ ਹਨ। ਜਦੋਂ ਮੌਸਮ ਖ਼ੁਸ਼ਗਵਾਰ ਹੋਵੇ ਜਾਂ ਮੀਂਹ ਪੈਣ ਪਿੱਛੋਂ ਅਚਾਨਕ ਧੁੱਪ ਨਿਕਲ ਆਵੇ ਤਾਂ ਇਹ ਰੁੱਖਾਂ ਤੋਂ ਬਾਹਰ ਆ ਕੇ ਧੁੱਪ ਦਾ ਆਨੰਦ ਮਾਣਦੇ ਹਨ। ਜਦੋਂ ਰੁੱਖਾਂ ’ਤੇ ਬਹਾਰ ਆਈ ਹੋਵੇ ਤਾਂ ਪੰਛੀਆਂ ਦੀਆਂ ਡਾਰਾਂ ਵੀ ਇਨ੍ਹਾਂ ਬਹਾਰਾਂ ਦੇ ਰੰਗ ਢੰਗ ਵੇਖ ਕੇ ਪ੍ਰਸੰਨ ਹੋ ਜਾਂਦੀਆਂ ਹਨ। ਕਈ ਵਾਰ ਤਾਂ ਇਹ ਵੱਡੀਆਂ ਵੱਡੀਆਂ ਇਮਾਰਤਾਂ ਇਨ੍ਹਾਂ ਰੁੱਖਾਂ ਦੀ ਹੋਂਦ ਕਾਰਨ ਹੀ ਸੁੰਦਰ ਤੇ ਆਕਰਸ਼ਕ ਲੱਗਦੀਆਂ ਹਨ। ਮਨ ਇਹ ਸਾਰਾ ਕੁਝ ਵੇਖ ਕੇ ਇੰਨਾ ਭਾਵੁਕ ਹੋ ਜਾਂਦਾ ਹੈ ਕਿ ਇਨ੍ਹਾਂ ਰੁੱਖਾਂ ਨੂੰ ਬਗਲਗੀਰ ਹੋਣ ਲਈ ਜੀਅ ਕਰਦਾ ਹੈ। ਕਈ ਵਾਰ ਤਾਂ ਇੰਜ ਲੱਗਦਾ ਹੈ ਜਿਵੇਂ ਇਹ ਰੁੱਖ ਨਾ ਹੋਣ ਬਲਕਿ ਜਿਊਂਦੇ ਜਾਗਦੇ ਇਨਸਾਨ ਹੋਣ। ਇਨ੍ਹਾਂ ਰੁੱਖਾਂ ਨਾਲ ਦੋਸਤੀ ਕਰਨ ਲਈ ਮਨ ਵਿੱਚ ਤਰੰਗਾਂ ਉਮੜ ਪੈਂਦੀਆਂ ਹਨ।
ਇਨਸਾਨ ਜੋ ਲੋਭੀ ਤੇ ਲਾਲਚੀ ਹੈ, ਇਨ੍ਹਾਂ ਰੁੱਖਾਂ ਦੇ ਸਾਹਮਣੇ ਆਪਣੀ ਲਾਚਾਰੀ ਕਾਰਨ ਕਿੰਨਾ ਹੀਣਾ ਤੇ ਬੌਨਾ ਹੈ। ਜੋ ਰੁੱਖਾਂ ਦੀ ਬੋਲੀ ਨਹੀਂ ਸਮਝ ਸਕਦਾ, ਸਗੋਂ ਆਪਣੇ ਲੋਭ, ਲਾਲਚ, ਹਊਮੇ ਤੇ ਹੰਕਾਰ ਵਿੱਚ ਗ੍ਰਸਿਆ, ਇਨ੍ਹਾਂ ਸੁੰਦਰ ਰੁੱਖਾਂ ਨੂੰ ਵੱਢਣ ਲਈ ਕੁਹਾੜਾ ਲੈ ਕੇ ਇਨ੍ਹਾਂ ਦੇ ਨੇੜੇ ਆਉਂਦਾ ਹੈ। ਕਈ ਵਾਰ ਜਲਾਦ ਵਾਂਗ, ਉਹ ਕੁਹਾੜੇ ਨਾਲ ਕਿਸੇ ਰੁੱਖ ਨੂੰ ਵੱਢ ਕੇ ਮਰੇ ਹੋਏ ਇਨਸਾਨ ਵਾਂਗ ਧਰਤੀ ’ਤੇ ਵਿਛਾ ਦਿੰਦਾ ਹੈ। ਕੌਣ ਨਹੀਂ ਜਾਣਦਾ ਕਿ ਜਦੋਂ ਅੰਬਾਂ ’ਤੇ ਬੂਰ ਪੈਂਦਾ ਹੈ ਤੇ ਸੁੰਦਰ ਤੇ ਸੰਘਣੇ ਅੰਬਾਂ ਦੇ ਰੁੱਖਾਂ ’ਤੇ ਬੈਠ ਕੇ ਕੋਇਲ ਕੂਕਦੀ ਹੈ ਤਾਂ ਇਹ ਧਰਤੀ ’ਤੇ ਸਵਰਗ ਹੁੰਦਾ ਹੈ। ਮਨ ਚਹਿਣਕ ਲੱਗਦਾ ਹੈ ਤੇ ਜ਼ਿੰਦਗੀ ਦੇ ਅਨੇਕਾਂ ਦੁੱਖ ਇਨਸਾਨ, ਇਨ੍ਹਾਂ ਅੰਬਾਂ ਦੇ ਬੂਟਿਆਂ ਥੱਲੇ ਬੈਠ ਕੇ ਭੁੱਲ ਜਾਂਦਾ ਹੈ। ਹਾਰੇ ਟੁੱਟੇ ਇਨਸਾਨ ਦੇ ਦਿਲ ਵਿੱਚ ਵੀ ਕੋਇਲ ਦਾ ਗੀਤ ਸੁਣ ਕੇ ਜ਼ਿੰਦਗੀ ਦਾ ਸੰਚਾਰ ਸ਼ੁਰੂ ਹੋ ਜਾਂਦਾ ਹੈ ਤੇ ਇਨਸਾਨ ਫਿਰ ਤਰੋਤਾਜ਼ਾ ਹੋ ਕੇ ਜ਼ਿੰਦਗੀ ਦਾ ਅਾਨੰਦ ਮਾਣਨ ਲਈ ਜ਼ਿੰਦਗੀ ਦੇ ਮੈਦਾਨ ਵਿੱਚ ਜੂਝਣ ਲਈ ਤਿਆਰ ਹੋ ਜਾਂਦਾ ਹੈ।

ਸੰਪਰਕ: 97818-05861

The publish ਕੁਦਰਤ ਦੀ ਅਨੰਤ ਲੀਲ੍ਹਾ appeared first on Punjabi Tribune.

LEAVE A REPLY

Please enter your comment!
Please enter your name here