ਟਿ੍ਰਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 20 ਜੁਲਾਈ

ਹਰਿਆਣਾ ਦੇ ਬਹੁਚਰਚਿਤ ਅਧਿਆਪਕ ਭਰਤੀ ਘੁਟਾਲੇ ਵਿੱਚ ਰਿਹਾਈ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਪ੍ਰਮੁੱਖ ਓਮ ਪ੍ਰਕਾਸ਼ ਚੌਟਾਲਾ ਨੇ ਰਾਜਨੀਤੀ ਦੀ ਦੂਜੀ ਪਾਰੀ ਸ਼ੁਰੂ ਕਰ ਦਿੱਤੀ ਹੈ। ਉਹ ਅੱਜ ਪਲਵਲ ਵਿੱਚ ਚੱਲ ਰਹੇ ਕਿਸਾਨ ਧਰਨੇ ਵਿੱਚ ਪੁੱਜ ਕੇ ਕੇਂਦਰ ਸਰਕਾਰ ਖ਼ਿਲਾਫ਼ ਗਰਜੇ। ਭਾਵੇਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ’ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਇਸ ਦੇ ਬਾਵਜੂਦ ਸ੍ਰੀ ਚੌਟਾਲਾ ਪਲਵਲ ਕਿਸਾਨ ਧਰਨੇ ਵਿੱਚ ਗਏ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਲਿਆਉਣ ਨਾਲ ਕੇਂਦਰ ਸਰਕਾਰ ਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਗਈ ਹੈ। ਪਲਵਲ ਮਗਰੋਂ ਉਹ ਗਾਜ਼ੀਪੁਰ ਹੱਦ ’ਤੇ ਕਿਸਾਨ ਧਰਨੇ ਵਿੱਚ ਪਹੁੰਚੇ।

ਸ੍ਰੀ ਚੌਟਾਲਾ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸਾਢੇ ਸੱਤ ਮਹੀਨੇ ਪਹਿਲਾਂ ਸ਼ੁਰੂ ਹੋਈ ਲੜਾਈ ਸਿਰਫ਼ ਕਿਸਾਨਾਂ ਅਤੇ ਮਜ਼ਦੂਰ ਦੀ ਨਹੀਂ ਹੈ। ਇਹ ਹਰ ਵਰਗ ਦੇ ਲੋਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮੁਲਕ ਦੇ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਾਰਨ ਜਿੱਥੇ ਖੇਤੀ ਕਾਨੂੰਨ ਰੱਦ ਹੋਣਗੇ, ਉੱਥੇ ਹੀ ਇਹ ਕਾਨੂੰਨ ਲਿਆਉਣ ਵਾਲੀ ਸਰਕਾਰ ਵੀ ਬਦਲੀ ਜਾਵੇਗੀ। ਉਨ੍ਹਾਂ ਆਖਿਆ ਕਿ ਕਾਨੂੰਨ ਲਿਆਉਣ ਵਾਲੀ ਕੇਂਦਰ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਬਾਅਦ ਐਲਾਨ ਕੀਤਾ ਸੀ ਕਿ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਖਿੜਕੀ ਲਗਾਈ ਹੈ, ਜਿਸ ’ਤੇ ਸ਼ਿਕਾਇਤ ਕਰਨ ਵਾਲੇ ਦੀ ਸ਼ਿਕਾਇਤ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਪਰ ਉਸ ਖਿੜਕੀ ’ਤੇ ਕੀਤੀ ਗਈ ਸ਼ਿਕਾਇਤ ਦਾ ਅੱਜ ਤੱਕ ਕੋਈ ਵੀ ਹੱਲ ਨਹੀਂ ਹੋ ਸਕਿਆ। ਸ੍ਰੀ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੂੰ ਗ਼ਲਤ ਢੰਗ ਨਾਲ ਨੌਕਰੀ ਦੇਣ ਦੇ ਝੂਠੇ ਦੋਸ਼ ਹੇਠ 10 ਸਾਲ ਦੀ ਸਜ਼ਾ ਹੋਈ ਹੈ। ਜਿਨ੍ਹਾਂ ਨੂੰ ਨੌਕਰੀ ਦਿੱਤੀ, ਉਹ ਤਾਂ ਤਰੱਕੀ ਕਰ ਗਏ ਪਰ ਉਹ 10 ਸਾਲ ਦੀ ਸਜ਼ਾ ਕੱਟ ਕੇ ਆਏ ਹਨ। ਉਨ੍ਹਾਂ ਆਖਿਆ ਕਿ ਇਸ ਵਾਰ ਸਰਕਾਰ ਬਣਨ ’ਤੇ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਦੇਣਗੇ। ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਹਰਿਆਣਾ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹਨ।

LEAVE A REPLY

Please enter your comment!
Please enter your name here