ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 5 ਜੂਨ

ਕੈਨੇਡਾ ਦੀ ਸੰਗਤ ਵੱਲੋਂ 12 ਵੈਂਟੀਲੇਟਰ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੇ ਗਏ ਹਨ, ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਮਰੀਜ਼ਾਂ ਵਾਸਤੇ ਹਾਲ ਹੀ ਵਿਚ 10 ਕਰੋਨਾ ਕੇਅਰ ਸੈਂਟਰ ਸਥਾਪਿਤ ਕੀਤੇ ਗਏ ਹਨ।

ਇਹ ਵੈਂਟੀਲੇਟਰ ਕੈਨੇਡਾ ਨਿਵਾਸੀ ਗਿਆਨ ਸਿੰਘ, ਹਰਦੀਪ ਸਿੰਘ, ਸਤਵੰਤ ਸਿੰਘ, ਪ੍ਰਦੀਪ ਸਿੰਘ ਤੇ ਸੁਖਜੀਵਨ ਸਿੰਘ ਨੇ ਸੰਗਤ ਦੇ ਸਹਿਯੋਗ ਨਾਲ ਭੇਜੇ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵੈਂਟੀਲੇਟਰ ਪ੍ਰਾਪਤ ਕਰਨ ਮੌਕੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੌਜੂਦਾ ਕਰੋਨਾ ਮਹਾਮਾਰੀ ਦੌਰਾਨ ਸੰਸਥਾ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ, ਜਿਸ ਤਹਿਤ ਬਿਮਾਰੀ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਦੇ ਨਾਲ-ਨਾਲ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਕੋਵਿਡ ਕੇਅਰ ਕੇਂਦਰ ਸਥਾਪਤ ਕੀਤੇ ਗਏ ਹਨ। ਵੈਕਸੀਨੇਸ਼ਨ ਲਈ ਕੈਂਪ ਵੀ ਲਗਾਏ ਜਾ ਰਹੇ ਹਨ। ਪਹਿਲਾਂ ਕੈਂਪ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲਾਇਆ ਗਿਆ ਸੀ, ਜਿਸ ਵਿਚ ਇੱਕ ਹਜ਼ਾਰ ਦੇ ਕਰੀਬ ਵੈਕਸੀਨੇਸ਼ਨ ਕੀਤੀ ਗਈ। ਦੂਜਾ ਕੈਂਪ 4 ਜੂਨ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਲਗਾਇਆ ਗਿਆ ਹੈ ਅਤੇ 9 ਜੂਨ ਨੂੰ ਤੀਸਰਾ ਕੈਂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ, ਜਿਸ ਲਈ ਉਨ੍ਹਾਂ ਨੇ ਸੰਗਤ ਨੂੰ ਵੈਂਟੀਲੇਟਰ ਭੇਜਣ ਦੀ ਅਪੀਲ ਕੀਤੀ ਸੀ ਅਤੇ ਸੰਗਤ ਨੇ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਸੇਵਾਵਾਂ ਵਿਚ ਹਿੱਸਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਅਜਮੇਰ ਸਿੰਘ ਖੇੜਾ ਦੇ ਸਪੁੱਤਰ ਵੱਲੋਂ ਵੀ ਇੱਕ ਵੈਂਟੀਲੇਟਰ ਭੇਜਿਆ ਜਾ ਰਿਹਾ ਹੈ। ਇਹ ਵੈਂਟੀਲੇਟਰ ਮਰੀਜ਼ਾਂ ਦੇ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਨੂੰ ਸੌਂਪ ਦਿੱਤੇ।

LEAVE A REPLY

Please enter your comment!
Please enter your name here