ਚਰਨਜੀਤ ਭੁੱਲਰ

ਚੰਡੀਗੜ੍ਹ, 21 ਜੁਲਾਈ

ਪੰਜਾਬ ਕਾਂਗਰਸ ਦੇ ਭਲਕੇ ਹੋ ਰਹੇ ‘ਤਾਜਪੋਸ਼ੀ ਸਮਾਰੋਹਾਂ’ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਇੱਕ ਮੰਚ ’ਤੇ ਦਿਖਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ 58 ਵਿਧਾਇਕਾਂ ਵੱਲੋਂ ਦਿੱਤਾ ਸੱਦਾ ਕਬੂਲ ਲਿਆ ਹੈ ਜਿਸ ਨਾਲ ਕਾਂਗਰਸ ਪਾਰਟੀ ਨੂੰ ‘ਤਾਜਪੋਸ਼ੀ ਸਮਾਗਮਾਂ’ ’ਚ ਹੁਣ ਏਕੇ ਦਾ ਸੁਨੇਹਾ ਦੇਣ ਦਾ ਮੌਕਾ ਮਿਲੇਗਾ। ਅਗਲੀਆਂ ਚੋਣਾਂ ’ਚ ਕਾਰਗੁਜ਼ਾਰੀ ਦਿਖਾਉਣ ਲਈ ਕਾਂਗਰਸ ਭਲਕ ਤੋਂ ਨਵੀਂ ਰਣਨੀਤੀ ਨਾਲ ਉਤਰੇਗੀ।

ਚੰਡੀਗੜ੍ਹ ਦੇ ਕਾਂਗਰਸ ਭਵਨ ’ਚ 23 ਜੁਲਾਈ ਨੂੰ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਤਾਜਪੋਸ਼ੀ ਸਮਾਰੋਹਾਂ ਦੀਆਂ ਤਿਆਰੀਆਂ ਦੇਖ ਰੇਖ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਮੰਤਰੀ ਕਰ ਰਹੇ ਹਨ।

ਲੰਘੇ ਕੱਲ ਪਾਰਟੀ ਦੇ 58 ਵਿਧਾਇਕਾਂ ਨੇ ਬਕਾਇਦਾ ਮਤਾ ਪਾਸ ਕਰਕੇ ਮੁੱਖ ਮੰਤਰੀ ਨੂੰ ਇਨ੍ਹਾਂ ਤਾਜਪੋਸ਼ੀ ਸਮਾਰੋਹਾਂ ਵਿਚ ਆਉਣ ਦਾ ਸੱਦਾ ਦਿੱਤਾ ਸੀ। ਅੱਜ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਕਰੀਬ ਤਿੰਨ ਵਜੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ’ਤੇ ਗਏ ਅਤੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਸਮੀ ਸੱਦਾ ਪੱਤਰ ਦਿੱਤਾ। ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਤਰਫੋਂ ਭੇਜਿਆ ਸੱਦਾ ਪੱਤਰ ਕਬੂਲ ਕਰ ਲਿਆ ਹੈ ਅਤੇ ਮੁੱਖ ਮੰਤਰੀ ਭਲਕ ਦੇ ਸਮਾਰੋਹਾਂ ਵਿਚ ਨਵੀਂ ਟੀਮ ਨੂੰ ਆਸ਼ੀਰਵਾਦ ਦੇਣ ਲਈ ਪੁੱਜ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਅੱਜ ਪਾਰਟੀ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸੀਨੀਅਰ ਲੀਡਰਾਂ ਨੂੰ ਭਲਕੇ ਪੰਜਾਬ ਭਵਨ ’ਚ 10 ਵਜੇ ਰੱਖੀ ਚਾਹ ਪਾਰਟੀ ਲਈ ਸੱਦਾ ਦਿੱਤਾ ਹੈ ਜਿਸ ’ਚ ਸਮੇਤ ਨਵਜੋਤ ਸਿੱਧੂ ਸਾਰੇ ਵਿਧਾਇਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਸੰਸਦੀ ਸੈਸ਼ਨ ਹੋਣ ਕਰਕੇ ਕੁਝ ਸੰਸਦ ਮੈਂਬਰ ਸਮਾਰੋਹਾਂ ’ਚੋਂ ਗੈਰ-ਹਾਜ਼ਰ ਰਹਿ ਸਕਦੇ ਹਨ। ਚਾਹ ਪਾਰਟੀ ਮਗਰੋਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਇੱਕੋ ਗੱਡੀ ’ਚ ਸਮਾਰੋਹ ’ਚ ਪੁੱਜ ਸਕਦੇ ਹਨ।

LEAVE A REPLY

Please enter your comment!
Please enter your name here