ਕੋਲਕਾਤਾ, 26 ਅਗਸਤ
ਸੀਬੀਆਈ ਦੀਆਂ ਦੋ ਟੀਮਾਂ ਇਥੋਂ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਅਧਿਕਾਰੀ ਦੇਬਾਸ਼ੀਸ਼ ਸੋਮ ਸੋਮਵਾਰ ਸਵੇਰ ਤੋਂ ਵੱਖਰੇ ਤੌਰ ’ਤੇ ਪੁੱਛ ਪੜਤਾਲ ਕਰ ਰਹੀਆਂ ਹਨ। ਘੋਸ਼ ਤੋਂ ਕੋਲਕਾਤਾ ਦੇ ਸਾਲਟ ਲੇਕ ਸਥਿਤ ਸੀਬੀਆਈ ਦੇ ਸੈਂਟਰਲ ਗਵਰਨਮੈਂਟ ਆਫਿਸ (ਸੀਜੀਓ) ਕੰਪਲੈਕਸ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਉਥੇ ਹੀ ਸੋਮ ਦੀ ਪੁੱਛ ਪੜਤਾਲ ਮੱਧ ਕੋਲਕਾਤਾ ਵਿੱਚ ਏਜੰਸੀ ਦੇ ਨਿਜ਼ਾਮ ਪੈਲੇਸ ਦਫਤਰ ਵਿੱਚ ਹੋ ਰਹੀ ਹੈ। ਘੋਸ਼ ਤੋਂ ਪਿਛਲੇ ਮਹੀਨੇ ਹਸਪਤਾਲ ਦੇ ਅੰਦਰ ਜੂਨੀਅਰ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਸਬੰਧ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੋਮ ਤੋਂ ਹਸਪਤਾਲ ’ਚ ਵਿੱਤੀ ਬੇਨਿਯਮੀਆਂ ਦੇ ਮਾਮਲੇ ਸਬੰਧੀ ਪੁੱਛ ਪੜਛਾਲ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਆਰਜੀ ਕਰ ਹਸਪਤਾਲ ਦੇ ਸਾਬਕਾ ਮੈਡੀਕਲ ਸੁਪਰਡੈਂਟ ਅਤੇ ਵਾਈਸ ਪ੍ਰਿੰਸੀਪਲ ਸੰਜੈ ਵਸ਼ਿਸ਼ਠ ਨੂੰ ਵੀ ਅੱਜ ਸੀਬੀਆਈ ਦੇ ਨਿਜ਼ਾਮ ਪੈਲੇਸ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ।