24.7 C
Miami
Monday, October 18, 2021
HomeLanguageਪੰਜਾਬੀਕੋਲੇ ਦੀ ਕਮੀ: ਪੰਜਾਬ ’ਚ ਬਿਜਲੀ ਸੰਕਟ, ਕਈ ਘੰਟਿਆਂ ਦੇ ਕੱਟ

ਕੋਲੇ ਦੀ ਕਮੀ: ਪੰਜਾਬ ’ਚ ਬਿਜਲੀ ਸੰਕਟ, ਕਈ ਘੰਟਿਆਂ ਦੇ ਕੱਟ


ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਕਤੂਬਰ

ਪੰਜਾਬ ਦੇ ਲਗਭਗ ਸਾਰੇ ਥਰਮਲ ਪਲਾਂਟਾਂ ਵਿਚ ਕੋਲੇ ਦਾ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਸਪਲਾਈ ਨਾ ਆਉਣ ਕਰਕੇ ਥਰਮਲ ਪਲਾਂਟਾਂ ਕੋਲ ਕੋਲੇ ਦਾ ਸਟਾਕ ਖ਼ਤਮ ਹੋਣ ਲੱਗਾ ਹੈ ਤੇ ਵੱਡਾ ਬਿਜਲੀ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਹੈ। ਪਾਵਰਕੌਮ ਨੂੰ ਕਈ ਜਗ੍ਹਾ ਉਤਪਾਦਨ ਵਿਚ ਕਟੌਤੀ ਕਰਨੀ ਪਈ ਹੈ ਤੇ ਕਈ ਜਗ੍ਹਾ ਵਾਰੋ-ਵਾਰੀ ਲੋਡ ਘਟਾਉਣਾ ਪੈ ਰਿਹਾ ਹੈ। ਕਾਰਪੋਰੇਸ਼ਨ ਨੇ ਲੋਕਾਂ ਨੂੰ ਬਿਜਲੀ ਦੀ ਵਰਤੋਂ ’ਚ ਸੰਜਮ ਵਰਤਣ ਦੀ ਅਪੀਲ ਵੀ ਕੀਤੀ ਹੈ। ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਵਰਕੌਮ ਨੂੰ ਮਹਿੰਗੇ ਭਾਅ ਬਿਜਲੀ ਖ਼ਰੀਦਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਇਹ ਪਾਵਰਕੌਮ ਨੂੰ ਦਸ ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਜੋ ਕਿ ਕਾਫ਼ੀ ਮਹਿੰਗੀ ਹੈ। ਅੱਜ ਪੰਜਾਬ ਭਰ ’ਚ ਦੋ ਤੋਂ ਛੇ ਘੰਟਿਆਂ ਤੱਕ ਦੇ ਬਿਜਲੀ ਕੱਟ ਲਾਉਣੇ ਪਏ। ਖੇਤੀਬਾੜੀ ਮੋਟਰਾਂ ਲਈ ਵੀ ਬਿਜਲੀ ’ਚ ਕਟੌਤੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਦੇ ਵਿਰੋਧ ’ਚ ਕਿਸਾਨਾਂ ਨੇ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਪੰਜ ਘੰਟੇ ਘਿਰਾਓ ਵੀ ਕੀਤਾ ਸੀ। ਇਸ ਵੇਲੇ ਪੰਜਾਬ ’ਚ ਬਿਜਲੀ ਦੀ ਮੰਗ ਕਰੀਬ 9000 ਮੈਗਾਵਾਟ ਅਤੇ ਸਪਲਾਈ 7100 ਮੈਗਾਵਾਟ ਹੈ। ਦਿਨ ਦਾ ਉੱਚਾ ਤਾਪਮਾਨ ਵੀ ਬਿਜਲੀ ਦੀ ਮੰਗ ਵਧਾ ਰਿਹਾ ਹੈ ਤੇ ਖੇਤੀ ਖੇਤਰ ਲਈ ਵੀ ਬਿਜਲੀ ਦੀ ਲੋੜ ਹੈ। ਪਾਵਰਕੌਮ ਨੂੰ 3400 ਮੈਗਾਵਾਟ ਬਿਜਲੀ ਮੁੱਲ ਲੈਣੀ ਪੈ ਰਹੀ ਹੈ। ਉੱਧਰ ਸੂਬੇ ਵਿਚਲੇ ਤਿੰਨ ਪ੍ਰਾਈਵੇਟ ਥਰਮਲਾਂ ਵਿਚੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਤਾਂ ਕੋਲੇ ਦਾ ਸਟਾਕ ਤਕਰੀਬਨ ਖ਼ਤਮ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਦੋ ਦਿਨ ਤੇ ਨਾਭਾ ਥਰਮਲ ਪਲਾਂਟ ਰਾਜਪੁਰਾ ਕੋਲ ਢਾਈ ਦਿਨਾਂ ਦਾ ਕੋਲਾ ਬਚਿਆ ਹੈ। ਸਰਕਾਰੀ ਥਰਮਲ ਪਲਾਂਟਾਂ ਲਹਿਰਾ ਮੁਹੱਬਤ ਅਤੇ ਰੋਪੜ ਕੋਲ ਅੱਠ-ਅੱਠ ਦਿਨਾਂ ਦਾ ਕੋਲਾ ਹੈ। ਦੋਵਾਂ ਦੇ ਚਾਰ-ਚਾਰ ਯੂਨਿਟ ਹਨ। ਪਰ ਰੋਪੜ ਦੇ ਦੋ ਅਤੇ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਕਿਸੇ ਕਾਰਨ ਬੰਦ ਪਏ ਹਨ। ਪੰਜਾਬ ’ਚ ਰੋਜ਼ਾਨਾ ਕੋਲੇ ਦੇ ਕਰੀਬ 15 ਰੈਕਾਂ ਦੀ ਖ਼ਪਤ ਹੁੰਦੀ ਹੈ। ਉਂਜ ਪੰਜਾਬ ਲਈ ਕੋਲੇ ਦੇ ਨੌਂ ਰੈਕ ਚੱਲੇ ਹੋਏ ਹਨ। ਕੋਈ ਵੱਡਾ ਵਿਘਨ ਨਾ ਪਿਆ, ਤਾਂ ਕੋਲੇ ਦੀ ਇਹ ਖੇਪ 3 ਤੋਂ 4 ਦਿਨਾਂ ਤੱਕ ਪੰਜਾਬ ਪੁੱਜ ਜਾਵੇਗੀ। ਇਸ ਨਾਲ ਇੱਕ ਵਾਰ ਕੰਮ ਚੱਲਦਾ ਹੋ ਜਾਵੇਗਾ ਪਰ ਇਸ ਖੇਪ ਦੇ ਪੁੱਜਣ ’ਚ ਦੇਰੀ ਪੰੰਜਾਬ ਨੂੰ ਗਹਿਰੇ ਬਿਜਲੀ ਸੰਕਟ ਨਾਲ ਜੂਝਣ ਲਈ ਮਜਬੂਰ ਕਰ ਸਕਦੀ ਹੈ। ਕੋਲੇ ਦੀ ਇਹ ਤੋਟ ਡੇਢ ਮਹੀਨੇ ਤੋਂ ਬਣੀ ਹੋਈ ਹੈ। ਉਂਜ ਉਸ ਵੇਲੇ ਥਰਮਲਾਂ ਕੋਲ 30 ਤੋਂ 45 ਦਿਨਾਂ ਤੱਕ ਦਾ ਕੋਲਾ ਸੀ। ਪਰ ਬਹੁਤੇ ਥਰਮਲਾਂ ਦੇ ਚੱਲਦੇ ਰਹਿਣ ਕਾਰਨ ਕੋਲੇ ਦੀ ਖ਼ਪਤ ਹੁੰਦੀ ਰਹੀ ਤੇ ਉੱਪਰੋਂ ਸਪਲਾਈ ਨਾ ਆਉਣ ਕਾਰਨ ਅੱਜ ਸਟਾਕ ਖ਼ਤਮ ਹੋਣ ਲੱਗਾ ਹੈ। ਪੰਜਾਬ ਦੇ ਖੇਤੀ, ਕਿਸਾਨ ਭਲਾਈ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਦਾ ਕਹਿਣਾ ਸੀ ਕਿ ਕੋਲੇ ਦੇ ਸੰਕਟ ਦੇ ਬਾਵਜੂਦ ਸੂਬਾ ਸਰਕਾਰ, ਪੰਜਾਬ ’ਚ ਬਲੈਕ ਆਊਟ ਵਰਗੀ ਸਥਿਤੀ ਨਹੀਂ ਪੈਦਾ ਹੋਣ ਦੇਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਸੰਕਟ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਕੋਲੇ ਦੀ ਖੇਪ ਦੀ ਸਪੈਸ਼ਲ ਰੇਲ ਗੱਡੀ ਬਹੁਤ ਜਲਦ ਪੰਜਾਬ ਪਹੁੰਚ ਰਹੀ ਹੈ।

ਦਿੱਲੀ ’ਚ ਸਿਰਫ਼ ਇਕ ਦਿਨ ਦਾ ਕੋਲਾ ਬਚਿਆ, ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ’ਚ ਕੋਲੇ ਦੇ ਸੰਕਟ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ। ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ (ਟੀਪੀਡੀਡੀਐੱਲ) ਦੇ ਸੀਈਓ ਗਣੇਸ਼ ਸ੍ਰੀਨਿਵਾਸਨ ਨੇ ਕਿਹਾ ਕਿ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਕੋਲਾ ਆਧਾਰਿਤ ਪਾਵਰ ਸਟੇਸ਼ਨਾਂ ਵਿੱਚ ਇੱਕ-ਦੋ ਦਿਨਾਂ ਦਾ ਹੀ ਕੋਲਾ ਬਚਿਆ ਹੈ। ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਦਿੱਲੀ ’ਚ ਲੋਡ ਸ਼ੈਡਿੰਗ ਦੀ ਸਮੱਸਿਆ ਆ ਸਕਦੀ ਹੈ। ਉਧਰ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ ਹੈ ਕਿ ਅਗਸਤ ਤੋਂ ਦਿੱਲੀ ਵਿੱਚ ਬਿਜਲੀ ਦੀ ਸਮੱਸਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਐੱਨਟੀਪੀਸੀ ਦਾਦਰੀ-2, ਝੱਜਰ, ਡੀਵੀਸੀ (ਸੀਟੀਪੀਐੱਸ) ਅਤੇ ਸਿੰਗਰੌਲੀ ’ਚ ਕੋਲੇ ਦਾ ਸਿਰਫ ਇੱਕ ਦਿਨ ਦਾ ਸਟਾਕ ਬਚਿਆ ਹੈ। ਇਸ ਹਾਲਤ ਵਿੱਚ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਗੈਸ ਸਟੇਸ਼ਨਾਂ ’ਤੇ ਨਿਰਭਰ ਰਹਿਣਾ ਪਵੇਗਾ। ਉਨ੍ਹਾਂ ਕੋਲੇ ਦੀ ਸਮੱਸਿਆ ਫੌਰੀ ਹੱਲ ਕਰਨ ਦੀ ਮੰਗ ਕੀਤੀ ਹੈ।

ਕੋਲਾ ਸਪਲਾਈ ਵਧਾਉਣ ਲਈ ਪਾਵਰਕੌਮ ਨੇ ਕੇਂਦਰ ਨੂੰ ਪੱਤਰ ਲਿਖਿਆ

ਪਾਵਰਕੌਮ ਦੇ ਸੀਐਮਡੀ ਏ. ਵੇਣੂਪ੍ਰਸ਼ਾਦ ਦਾ ਕਹਿਣਾ ਹੈ ਕਿ ਕੋਲੇ ਦੇ ਘੱਟ ਉਤਪਾਦਨ ਕਾਰਨ ਭਾਰਤ ਦੇ ਸਾਰੇ ਥਰਮਲ ਪਾਵਰ ਪਲਾਂਟਾਂ ਵਿਚ ਹੀ ਅਜਿਹੀ ਸਥਿਤੀ ਬਣੀ ਹੋਈ ਹੈ। ਪਰ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਸਾਰੇ ਸੰਭਵ ਤਰੀਕਿਆਂ ਦੀ ਪੜਚੋਲ ਕੀਤੀ ਜਾ ਰਹੀ ਹੈ। ਸੀਐਮਡੀ ਨੇ ਕਿਹਾ ਕਿ ਕੋਲ ਸਪਲਾਈ ਵਧਾਉਣ ਲਈ ਕੇਂਦਰ ਨੂੰ ਲਿਖਿਆ ਗਿਆ ਹੈ ਤੇ ਆਉਣ ਵਾਲੇ ਕੁਝ ਦਿਨਾਂ ਵਿਚ ਸਥਿਤੀ ਸੁਧਰੇਗੀ।

ਕੋਲੇ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਏ ਕੇਂਦਰ: ਚੰਨੀ

ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਲ ਇੰਡੀਆ ਲਿਮਟਿਡ ਦੀਆਂ ਵੱਖ-ਵੱਖ ਸਹਾਇਕ ਕੰਪਨੀਆਂ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਸਮਝੌਤਿਆਂ ਮੁਤਾਬਕ ਕੋਲੇ ਦੀ ਲੋੜੀਂਦੀ ਸਪਲਾਈ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਨਿਰਧਾਰਤ ਕੋਟੇ ਦੇ ਮੁਤਾਬਕ ਸੂਬੇ ਲਈ ਕੋਲੇ ਦੀ ਸਪਲਾਈ ਤੁਰੰਤ ਵਧਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਜਿੱਥੇ ਵੀ ਝੋਨੇ ਦੀ ਫ਼ਸਲ ਪੱਕਣ ਤੱਕ ਸਿੰਜਾਈ ਲਈ ਬਿਜਲੀ ਦੀ ਲੋੜ ਹੈ, ਉਥੇ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।


RELATED ARTICLES

Leave a Reply

- Advertisment -

You May Like

%d bloggers like this: