ਕੰਨੌਜ, 21 ਅਗਸਤ
ਇੱਥੋਂ ਦੇ ਇੱਕ ਨਿੱਜੀ ਕਾਲਜ ਵਿੱਚ ਸਾਬਕਾ ਬਲਾਕ ਪ੍ਰਧਾਨ ਨਵਾਬ ਸਿੰਘ ਯਾਦਵ ਵੱਲੋਂ ਨਾਬਾਲਗ ਲੜਕੀ ਨਾਲ ਕੀਤੇ ਕਥਿਤ ਬਲਾਤਕਾਰ ਦੇ ਮਾਮਲੇ ’ਚ ਪੁਲੀਸ ਨੇ ਪੀੜਤ ਦੀ ਭੂਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਪੀੜਤ ਲੜਕੀ (15) ਦੀ ਭੂਆ ਉਸ ਨੂੰ ਕਥਿਤ ਤੌਰ ’ਤੇ ਕਾਲਜ ਲੈ ਗਈ ਸੀ ਜਿੱਥੇ ਯਾਦਵ ਨੇ 11-12 ਅਗਸਤ ਦੀ ਦਰਮਿਆਨੀ ਰਾਤ ਨੂੰ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਮਾਮਲੇ ਕਾਰਨ ਉੱਤਰ ਪ੍ਰਦੇਸ਼ ਵਿੱਚ ਵਿਰੋਧੀ ਸਮਾਜਵਾਦੀ ਪਾਰਟੀ (ਸਪਾ) ਅਤੇ ਸੱਤਾਧਾਰੀ ਭਾਜਪਾ ਦਰਮਿਆਨ ਸਿਆਸਤ ਭਖ ਗਈ ਸੀ। ਸਪਾ ਆਗੂ ਡਿੰਪਲ ਯਾਦਵ ’ਤੇ ਦੋਸ਼ ਲੱਗ ਰਿਹਾ ਹੈ ਕਿ ਮੁਲਜ਼ਮ ਸਾਬਕਾ ਬਲਾਕ ਮੁਖੀ ਡਿੰਪਲ ਯਾਦਵ ਦਾ ਨਜ਼ਦੀਕੀ ਸਹਿਯੋਗੀ ਸੀ ਜਦੋਂ ਉਹ ਕੰਨੌਜ ਤੋਂ ਲੋਕ ਸਭਾ ਦੀ ਮੈਂਬਰ ਸੀ। ਹਾਲਾਂਕਿ ਸਮਾਜਵਾਦੀ ਪਾਰਟੀ ਨੇ ਯਾਦਵ ਤੋਂ ਦੂਰੀ ਬਣਾ ਲਈ ਹੈ। ਪੁਲੀਸ ਦੇ ਐੱਸਪੀ ਅਮਿਤ ਕੁਮਾਰ ਆਨੰਦ ਨੇ ਕਿਹਾ ਕਿ ਪੁਲੀਸ ਦੇ ਇੱਕ ਸਪੈਸ਼ਲ ਅਪ੍ਰੇਸ਼ਨ ਗਰੁੱਪ (ਐਸਓਜੀ) ਨੇ ਸੱਤ ਦਿਨਾਂ ਤੋਂ ਫਰਾਰ ਲੜਕੀ ਦੀ ਭੂਆ ਨੂੰ ਕੰਨੌਜ ਦੇ ਤਿਰਵਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ