ਮਨਧੀਰ ਸਿੰਘ ਦਿਓਲ/ਆਤਿਸ਼ ਗੁਪਤਾ

ਨਵੀਂ ਦਿੱਲੀ/ਚੰਡੀਗੜ੍ਹ, 5 ਜੂਨ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਿੱਥੇ ਦੇਸ਼ ਭਰ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਹਜ਼ਾਰਾਂ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਗਏ, ਉੱਥੇ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਵਿੱਚ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਰੋਸ ਪ੍ਰਗਟਾਉਂਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਦੌਰਾਨ ਪੁਲੀਸ ਨੇ ਪੰਚਕੂਲਾ ਵਿੱਚ ਹਰਿਆਣਾ ਦੇ ਸਪੀਕਰ ਗਿਆਨ ਚੰਦ ਦੇ ਘਰ ਦਾ ਘਿਰਾਓ ਕਰਨ ਜਾਂਦੇ ਕਿਸਾਨਾਂ ਨੂੰ ਰੋਕ ਲਿਆ ਤੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਜ਼ਿਕਰਯੋਗ ਹੈ ਕਿ  ਇਸੇ ਦਿਨ ਸੰਨ 1974 ਵਿੱਚ ਤਤਕਾਲੀ ਤਾਨਾਸ਼ਾਹੀ ਤੇ ਸ਼ੋਸ਼ਣਵਾਦੀ ਸਰਕਾਰ ਵਿਰੁੱਧ ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਵੱਲੋਂ  ਇਤਿਹਾਸਕ ਲੋਕ ਲਹਿਰ ਆਰੰਭ ਕੀਤੀ ਗਈ ਸੀ। ਇਸ ਮੌਕੇ ਡਾ. ਦਰਸ਼ਨ ਪਾਲ ਨੇ ਕਿਹਾ ਕਿ 5 ਜੂਨ 2020 ਨੂੰ ਮੋਦੀ ਸਰਕਾਰ ਨੇ ਤਿੰਨ ਕਿਸਾਨ  ਵਿਰੋਧੀ ਖੇਤੀਬਾੜੀ ਕਾਨੂੰਨਾਂ ਨੂੰ ਆਰਡੀਨੈਂਸ ਵਜੋਂ ਲਿਆਂਦਾ ਸੀ। ਇਹ ਉਹ ਕਾਨੂੰਨ ਹਨ ਜਿਨ੍ਹਾਂ ਦੀ ਕਦੇ ਵੀ ਕਿਸਾਨਾਂ ਵੱਲੋਂ ਮੰਗ ਨਹੀਂ ਕੀਤੀ ਗਈ। ਸਾਰੇ ਦੇਸ਼ ’ਚ ਭਾਜਪਾ ਆਗੂਆਂ, ਐੱਨਡੀਏ ਦੀਆਂ ਹੋਰ ਸਹਿਯੋਗੀ ਪਾਰਟੀਆਂ ਦੇ ਆਗੂਆਂ ਦੇ ਦਫ਼ਤਰਾਂ ਤੇ ਘਰਾਂ ਦੇ ਬਾਹਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।  ਇਹ ਵਿਰੋਧ ਪ੍ਰਦਰਸ਼ਨ ਕੇਂਦਰ ਲਈ ਚੇਤਾਵਨੀ ਹਨ ਕਿ ਆਉਣ ਵਾਲੇ ਦਿਨਾਂ ’ਚ ਵਿਰੋਧ ਹੋਰ ਤੇਜ਼ ਹੋਵੇਗਾ। ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਉੜੀਸਾ, ਛੱਤੀਸਗੜ੍ਹ, ਬਿਹਾਰ, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਹਜ਼ਾਰਾਂ ਥਾਵਾਂ ’ਤੇ ਜਬਰਦਸਤ ਮੁਜ਼ਾਹਰੇ ਹੋਏ ਹਨ। ਕਈ ਥਾਵਾਂ ’ਤੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦਾ ਘਿਰਾਓ ਵੀ ਕੀਤਾ ਗਿਆ। ਕੁਝ ਥਾਵਾਂ ’ਤੇ ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਬੂਟੇ ਲਾਏ ਗਏ। ਦਿੱਲੀ ਦੀਆਂ ਬਰੂਹਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਬੈਠੇ ਕਿਸਾਨਾਂ ਨੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਤੋਂ ਇਲਾਵਾ ਦੱਖਣੀ ਦਿੱਲੀ ਤੋਂ ਨਿਕਲਦੇ ਸਮੇਂ ਦਿੱਲੀ-ਆਗਰਾ ਕੌਮੀਸ਼ਾਹ ਰਾਹ- 2 ’ਤੇ ਪਲਵਲ ਕੋਲ ਚੱਲ ਰਹੇ ਮੋਰਚੇ ਸਮੇਤ ਰਾਜਸਥਾਨ ਦੇ ਸ਼ਾਹਜਹਾਂਪੁਰ ਦੇ ਮੋਰਚਿਆਂ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਬੀਤੇ ਦਿਨਾਂ ਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਤੋਂ ਕਿਸਾਨ ਉਕਤ ਮੋਰਚਿਆਂ ’ਤੇ ‘ਸੰਪੂਰਨ ਕ੍ਰਾਂਤੀ ਦਿਵਸ’ ਮਨਾਉਣ ਤੇ ਕਾਲੇ ਕਾਨੂੰਨਾਂ ਦੇ ਪਾਸ ਹੋਣ ਦੇ ਇੱਕ ਸਾਲ ਹੋਣ ਮੌਕੇ ਸ਼ਾਮਲ ਹੋ ਰਹੇ ਸਨ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਾਲ ਪਹਿਲਾਂ ਜੋ ਕਾਨੂੰਨ ਬਣਾਏ ਸਨ, ਉਨ੍ਹਾਂ ਨਾਲ ਕਿਸਾਨ, ਮਜ਼ਦੂਰ ਤੇ ਹੋਰ ਵਰਗਾਂ ਦੀ ਜ਼ਿੰਦਗੀ ਵਿੱਚ ਖਲਲ ਮਚ ਗਿਆ ਹੈ। ਕਿਸਾਨ ਆਗੂਆਂ ਨੇ ਭਖਵੀਆਂ ਤਕਰੀਰਾਂ ਕਰਦਿਆਂ ਕਿਸਾਨ ਏਕੇ ਨਾਲ ਅੱਗੇ ਵਧਣ ਦਾ ਸੰਕਲਪ ਦੁਹਰਾਇਆ ਤੇ ਕੇਂਦਰ ਸਰਕਾਰ ਦੀ ਲਟਕਾਊ ਨੀਤੀ ਦੇ ਬਖੀਏ ਉਧੇੜੇ। ਕਿਸਾਨ ਆਗੂਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਨਿਸ਼ਾਨਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਕਿਸਾਨੀ ਘੋਲ ਨੂੰ ਮਘਾ ਕੇ ਕੇਂਦਰ ਸਰਕਾਰ ਨੂੰ ਹਰ ਪਾਸਿਓਂ ਘੇਰਾ ਪਾਉਣਾ ਹੈ।

ਕਿਸਾਨਾਂ ਵੱਲੋਂ ਮੋਰਚਿਆਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੱਜ ਫਿਰ ਮੋਰਚਿਆਂ ਵਿੱਚ ਡਟੇ ਕਿਸਾਨਾਂ ਅੰਦਰ ਜੋਸ਼ ਤੇ ਲੰਬੇ ਸੰਘਰਸ਼ ਲਈ ਮੋਰਚਿਆਂ ਨੂੰ ਸਾਂਭੀ ਰੱਖਣ ਦਾ ਜਜ਼ਬਾ ਵਿਖਾਈ ਦੇ ਰਿਹਾ ਸੀ। ਵੱਖ-ਵੱਖ ਯੂਨੀਅਨਾਂ ਦੇ ਰੰਗ-ਬਿਰੰਗੇ ਝੰਡੇ ਹਵਾ ਵਿੱਚ ਲਹਿਰਾਉਂਦਿਆਂ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਚੇਤਾਇਆ ਕਿ ਕਿਸਾਨ ਗੁਮਰਾਹ ਹੋਣ ਵਾਲੇ ਨਹੀਂ ਹਨ ਕਿਉਂਕਿ ਉਹ ਕੇਂਦਰ ਸਰਕਾਰ ਦੀ ਹਰ ਚਾਲ ਨੂੰ ਨਾਕਾਮ ਕਰ ਚੁੱਕੇ ਹਨ। ਇਸੇ ਕਾਰਨ ਉਹ ਫ਼ਿਰਕੂਪਣੇ ਦੀ ਲਪੇਟ ਵਿੱਚ ਨਹੀਂ ਆਏ ਤੇ ਭਾਈਚਾਰਕ ਸਾਂਝ ਹੋਰ ਪੱਕੀ ਹੋਈ ਹੈ।   

ਇਸ ਮੌਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਚਕੂਲਾ ’ਚ ਅੱਜ ਜਦੋਂ ਕਿਸਾਨਾਂ ਨੇ ਆਪਣੇ ਪਹਿਲਾਂ ਐਲਾਨੇ ਘਿਰਾਓ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤਾਂ ਪੁਲੀਸ ਨੇ ਮਾਜਰੀ ਚੌਕ ਵਿੱਚ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਮੋਰਚੇ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਹਰਿਆਣਾ ਸਰਕਾਰ ਦੀ ਨਿਰੰਤਰ ਬੇਰਹਿਮੀ, ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿੱਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਤੇ ਭਾਜਪਾ ਆਗੂ ਵਿਜੇ ਸਾਂਪਲਾ ਦੀ ਫੇਰੀ ਦਾ ਵਿਰੋਧ ਕਰਨ ’ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਹੋਰ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ।

ਚੰਡੀਗੜ੍ਹ (ਆਤਿਸ਼ ਗੁਪਤਾ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਵਿੱਚ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕਰਦਿਆਂ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਪੁਲੀਸ ਨੇ ਪੰਚਕੂਲਾ ਵਿੱਚ ਹਰਿਆਣਾ ਦੇ ਸਪੀਕਰ ਗਿਆਨ ਚੰਦ ਦੇ ਘਰ ਦਾ ਘਿਰਾਓ ਕਰਨ ਜਾਂਦੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਕਿਸਾਨਾਂ ਨੇ ਹਿਸਾਰ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲੀਸ ਨੇ ਕੁਝ ਦੂਰੀ ’ਤੇ ਬੈਰੀਕੇਡ ਲਾ ਕੇ ਰੋਕ ਲਿਆ। ਕਿਸਾਨ ਆਗੂਆਂ ਨੇ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰਾ ਕੀਤਾ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਰਨਾਲ, ਜੀਂਦ, ਸਿਰਸਾ, ਅੰਬਾਲਾ, ਕੈਥਲ, ਚੀਕਾ, ਪਾਣੀਪਤ, ਸੋਨੀਪਤ ਸਣੇ ਸੂਬੇ ਭਰ ਵਿੱਚ ਭਾਜਪਾ ਅਤੇ ਜੇਜੇਪੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸੀਨੀਅਰ ਆਗੂਆਂ ਦੇ ਘਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ। 

ਮੰਦਸੌਰ ਦੇ ਸ਼ਹੀਦ ਕਿਸਾਨਾਂ ਨੂੰ ਅੱਜ ਭੇਟ ਕੀਤੀ ਜਾਵੇਗੀ ਸ਼ਰਧਾਂਜਲੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਬਲਬੀਰ ਸਿੰਘ ਰਾਜੇਵਾਲ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਵਿੱਚ ਦਲਿਤਾਂ ਤੇ ਕਿਸਾਨਾਂ ’ਚ ਪਾੜਾ ਪਾਉਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁਜ਼ਾਹਰਾਕਾਰੀ, ਮ੍ਰਿਤਕ ਦਲਿਤ ਨੌਜਵਾਨ ਜਾਂ ਉਸ ਦੇ ਪਰਿਵਾਰ ਖ਼ਿਲਾਫ਼ ਨਹੀਂ ਬਲਕਿ ਭਾਜਪਾ ਆਗੂ ਦੇ ਵਿਰੁੱਧ ਸਨ। ਆਗੂਆਂ ਨੇ ਮੰਗ ਕੀਤੀ ਕਿ 200 ਤੋਂ ਵੱਧ ਮੁਜ਼ਾਹਰਾਕਾਰੀਆਂ ‘ਤੇ ਦਰਜ ਸਾਰੇ ਕੇਸਾਂ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਭਲਕੇ 6 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਪੂਰੇ ਦੇਸ਼ ਵਿੱਚ ਮੰਦਸੌਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰੇਗਾ।

‘ਆਪ’ ਨੇ ਵੀ ਦਿੱਤਾ ਕਿਸਾਨਾਂ ਦਾ ਸਾਥ

ਜੀਂਦ (ਮਹਾਂਵੀਰ ਮਿੱਤਲ): ਨਰਵਾਣਾ ਵਿੱਚ ‘ਸੰਪੂਰਨ ਕ੍ਰਾਂਤੀ ਦਿਵਸ’ ਮਨਾਉਣ ਮੌਕੇ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਨੇ ਬੱਦੋਵਾਲ ਟੌਲ ਪਲਾਜ਼ਾ ’ਤੇ ਪੁੱਜ ਕੇ ਕਿਸਾਨਾਂ ਨੂੰ ਸਹਿਯੋਗ ਦਿੰਦਿਆਂ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਆਮ ਆਦਮੀ ਪਾਰਟੀ ਨਰਵਾਣਾ ਦੇ ਸੋਸ਼ਲ ਮੀਡੀਆ ਪ੍ਰਧਾਨ ਅਤੇ ਜ਼ਿਲ੍ਹਾ ਜੀਂਦ ਇਕਾਈ ਦੇ ਸਕੱਤਰ ਨੇ ਦੱਸਿਆ ਕਿ ਪਾਰਟੀ, ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਇਸ ਮੌਕੇ ਓਮ ਦੱਤ ਸ਼ਰਮਾ ਅਤੇ ਮਹਿੰਦਰ ਗਰਗ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ‘ਆਪ’ ਹਰ ਅੰਦੋਲਨ ਵਿੱਚ ਕਿਸਾਨਾਂ ਨਾਲ ਸੰਘਰਸ਼ ਕਰਦੀ ਰਹੇਗੀ। 

LEAVE A REPLY

Please enter your comment!
Please enter your name here