ਖੱਟਰ ਨੂੰ ‘ਲੱਠ ਮਾਰਨ’ ਵਾਲਾ ਬਿਆਨ ਮਹਿੰਗਾ ਪਵੇਗਾ: ਰਾਜੇਵਾਲ

0

ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 10 ਅਕਤੂਬਰ

ਇੱਥੋਂ ਦੀ ਦਾਣਾ ਮੰਡੀ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ‘ਦਿੱਲੀ ਚੱਲੋ ਜਨ ਜਾਗ੍ਰਿਤੀ ਮਹਾਸੰਮੇਲਨ’ ਕਰਵਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਹਜ਼ਾਰਾਂ ਕਿਸਾਨਾਂ ਨੇ ਸ਼ਾਮਲ ਹੋ ਕੇ ਕੇਂਦਰੀ ਕਾਨੂੰਨਾਂ ਵਿਰੁੱਧ ਡਟਵੇਂ ਸੰਘਰਸ਼ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੰਘਰਸ਼ਸ਼ੀਲ ਕਿਸਾਨਾਂ ਖ਼ਿਲਾਫ਼ ਲੱਠ ਚੁੱਕਣ ਵਾਲਾ (ਵਾਪਸ ਲਿਆ) ਬਿਆਨ ਖਾਸਾ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਜਿਹਾ ਗੈਰ-ਲੋਕਤੰਤਰੀ ਬਿਆਨ ਦੇ ਕੇ ਸੰਵਿਧਾਨਕ ਸਹੁੰ ਦੀ ਉਲੰਘਣਾ ਕੀਤੀ ਹੈ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਅਤੇ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਦੀ ਮੰਗ ਕੀਤੀ ਜਾਵੇਗੀ।

ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਡਾ. ਸਭੈਮਾਨ ਸਿੰਘ (ਅਮਰੀਕਾ), ਸਵਰਨ ਸਿੰਘ ਵਿਰਕ ਅਤੇ ਰਮਨਦੀਪ ਕੌਰ ਮਰਖਾਈ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਸ੍ਰੀ ਰਾਜੇਵਾਲ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਧੱਕੇ ਨਾਲ ਖੇਤੀ ਕਾਨੂੰਨ ਪਾਸ ਕਰ ਕੇ ਦੇਸ਼ ਦੀ ਬਰਬਾਦੀ ਦਾ ਰਾਹ ਖੋਲ੍ਹ ਦਿੱਤਾ ਹੈ, ਜਿਸ ਦਾ ਅਸਰ ਹਰ ਵਰਗ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ ਜਾਵੇਗੀ, ਜਿਸ ਲਈ ਲੋਕਾਂ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ 18 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਮੰਤਰੀ ਦੇ ਅਹੁਦੇ ਤੋਂ ਬਰਖਾਸਤਗੀ ਤੇ ਉਸ ਖ਼ਿਲਾਫ਼ 120-ਬੀ ਦੇ ਮੁਕੱਦਮੇ ਦੀ ਮੰਗ ਤਹਿਤ ਦੇਸ਼ ਭਰ ’ਚ ‘ਰੋਲ ਰੋਕੋ ਅੰਦੋਲਨ’ ਕੀਤਾ ਰਿਹਾ ਹੈ। ਇਸ ਮੌਕੇ ਡਾ. ਸਵੈਮਾਨ ਸਿੰਘ ਨੇ ਦੇਸ਼ ਦੀ ਨੌਜਵਾਨੀ ਨੂੰ ਸਿੱਖਿਆ, ਸਿਹਤ, ਰੁਜ਼ਗਾਰ ਤੇ ਨਸ਼ਾਖੋਰੀ ਤੋਂ ਮੁਕਤ ਭਾਰਤ ਸਿਰਜਣ ਦਾ ਸੱਦਾ ਦਿੱਤਾ। ਬੀਬੀ ਰਮਨਦੀਪ ਕੌਰ ਮਰਖਾਈ ਨੇ ਕਿਸਾਨਾਂ ਨੂੰ ਜੀਵਨ ਦਾ ਧੁਰਾ ਦੱਸਦਿਆਂ ਖੇਤੀ ਕਾਨੂੰਨੀ ਦੇ ਹੱਕ ’ਚ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਮੰਚ ਤੋਂ ਏਲਨਾਬਾਦ ਜ਼ਿਮਨੀ ਚੋਣ ਬਾਰੇ ਐਲਾਨ ਕੀਤਾ ਗਿਆ ਕਿ ਕਿਸਾਨਾਂ ਦਾ ਕਿਸੇ ਉਮੀਦਵਾਰ ਨੂੰ ਸਮਰਥਨ ਨਹੀਂ ਹੈ। ਆਗੂਆਂ ਨੇ ਕਿਹਾ ਕਿ ਭਾਜਪਾ-ਜਜਪਾ ਦਾ ਵਿਰੋਧ ਜ਼ਰੂਰ ਕੀਤਾ ਜਾਵੇ, ਪਰ ਇਹ ਵਿਰੋਧ ਧੱਕੇਸ਼ਾਹੀ ਜਾਂ ਸੰਵਿਧਾਨਕ ਹੱਦਾਂ ਨੂੰ ਪਾਰ ਕਰ ਕੇ ਨਾ ਹੋਵੇ। ਇਸ ਮੌਕੇ ਹਰਿਆਣਾ ਕਿਸਾਨ ਏਕਤਾ ਦੇ ਆਗੂ ਗੁਰਪ੍ਰੇਮ ਸਿੰਘ ਦੇਸੂਜੋਧਾ, ਕੁੱਲ ਹਿੰਦ ਕਿਸਾਨ ਸਭਾ ਦੇ ਅੰਗਰੇਜ਼ ਸਿੰਘ ਬਨਵਾਲਾ, ਚਰਨਜੀਤ ਸਿੰਘ ਬਨਵਾਲਾ, ਡਾ. ਪਾਲਾ ਸਿੰਘ ਕਿੱਲਿਆਂਵਾਲੀ, ਡਾ. ਮਨਜਿੰਦਰ ਸਰਾਂ ਤੇ ਸੰਜੈ ਮਿੱਢਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

ਏਲਨਾਬਾਦ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਹਾਰ ਤੈਅ: ਚੜੂਨੀ

ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਭੈ ਸਿੰਘ ਚੌਟਾਲਾ ਨੂੰ ਏਲਨਾਬਾਦ ਸੀਟ ਤੋਂ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਉਹ ਵਿਧਾਨ ਸਭਾ ਅੰਦਰ ਬੈਠ ਕੇ ਵਧੀਆ ਢੰਗ ਨਾਲ ਆਵਾਜ਼ ਉਠਾ ਸਕਦੇ ਸਨ। ਉਨ੍ਹਾਂ ਕਿਹਾ ਕਿ ਏਲਨਾਬਾਦ ਜ਼ਿਮਨੀ ਚੋਣ ’ਚ ਭਾਜਪਾ-ਜਜਪਾ ਦਾ ਪੱਤਾ ਸਾਫ਼ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਏਲਨਾਬਾਦ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਨੂੰ ਵੋਟ ਨਹੀਂ ਪਾਉਣਾ ਸਹੀ ਹੈ, ਪਰ ਭਾਜਪਾ ਦਾ ਦਫ਼ਤਰ ਨਾ ਖੁੱਲ੍ਹਣ ਦੇਣਾ ਜਾਂ ਧੱਕਾ-ਮੁੱਕੀ ਕਰਨਾ ਕਿਸੇ ਪੱਖੋਂ ਵਾਜਬ ਨਹੀਂ ਹੈ। ਟਿਕਰੀ ਅਤੇ ਸਿੰਘੂ ਬਾਰਡਰ ਨੂੰ ਖਾਲੀ ਕਰਵਾਉਣ ਸਬੰਧੀ ਮੁੱਖ ਮੰਤਰੀ ਦੇ ਬਿਆਨ ਬਾਰੇ ਸ੍ਰੀ ਚੜੂਨੀ ਨੇ ਆਖਿਆ ਕਿ ਰਾਹ ਕਿਸਾਨਾਂ ਨੇ ਨਹੀਂ ਬਲਕਿ ਸਰਕਾਰ ਨੇ ਰੋਕਿਆ ਹੋਇਆ ਹੈ।

ਝੋਨੇ ਦੀ ਖ਼ਰੀਦ ਲਈ ਹੱਦ ਤੈਅ ਕਰਨਾ ਕਿਸਾਨ ਵਿਰੋਧੀ ਫ਼ੈਸਲਾ ਕਰਾਰ

ਚੰਡੀਗੜ੍ਹ (ਟਨਸ): ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ 34 ਕੁਇੰਟਲ ਪ੍ਰਤੀ ਏਕੜ ਦੀ ਹੱਦ ਤੈਅ ਕਰਨ ਨੂੰ ਕਿਸਾਨ ਵਿਰੋਧੀ ਫ਼ੈਸਲਾ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਕਿਸਾਨਾਂ ਨੂੰ ਵੱਧ ਉਤਪਾਦਨ ਕਰਨ ਲਈ ਅਸਿੱਧੇ ਰੂਪ ’ਚ ਦਿੱਤੀ ਗਈ ਸਜ਼ਾ ਹੈ। ਕਿਸਾਨ ਆਗੂਆਂ ਨੇ ਇਹ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਹੈ। ਬੁਲਾਰਿਆਂ ਨੇ ਭਾਜਪਾ ਦੀਆਂ ਚਾਲਾਂ ਫੇਲ੍ਹ ਕਰਨ ਲਈ ਦਿੱਲੀ ਦੇ ਮੋਰਚਿਆਂ ਨੂੰ ਮਜ਼ਬੂਤ ਕਰਨ ਅਤੇ ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਵੀ ਕਿਸਾਨੀ ਸੰਘਰਸ਼ ਮਘਦਾ ਰੱਖਣ ਲਈ ਵਿਉਂਤਬੰਦੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਹਰਸਾ ਮਾਨਸਰ (ਹੁਸ਼ਿਆਰਪੁਰ) ਟੌਲ ਪਲਾਜ਼ਾ ’ਤੇ 11 ਅਕਤੂਬਰ ਨੂੰ ਕਿਸਾਨ ਕਾਨਫਰੰਸ ਕਰਵਾਈ ਜਾ ਰਹੀ ਹੈ। ਅੱਜ ਅੰਮ੍ਰਿਤਸਰ, ਮਾਨਸਾ, ਬਠਿੰਡਾ, ਹੁਸ਼ਿਆਰਪੁਰ, ਸੰਗਰੂਰ, ਲੁਧਿਆਣਾ, ਪਟਿਆਲਾ ਆਦਿ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਵੱਡੇ ਰਵਾਨਾ ਹੋਏ। ਬੁਲਾਰਿਆਂ ਨੇ ਦੱਸਿਆ ਕਿ 12 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦਾਂ ਲਈ ਅੰਤਿਮ ਅਰਦਾਸ ਕੀਤੀ ਜਾਣੀ ਹੈ। ਸੰਯੁਕਤ ਕਿਸਾਨ ਮੋਰਚਾ ਇਸ ਦਿਨ ਨੂੰ ‘ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਏਗਾ।

Leave a Reply