ਖੱਟਰ ਨੇ ‘ਜੈਸੇ ਕੋ ਤੈਸਾ’ ਵਾਲਾ ਬਿਆਨ ਵਾਪਸ ਲਿਆ

1


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 8 ਅਕਤੂਬਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ‘ਜੈਸੇ ਕੋ ਤੈਸਾ’ ਵਾਲੇ ਆਪਣੇ ਉਸ ਵਿਵਾਦਤ ਬਿਆਨ ਨੂੰ ਵਾਪਸ ਲੈ ਲਿਆ ਜਿਸ ਦਾ ਕਿਸਾਨ ਸੂਬੇ ਭਰ ਵਿੱਚ ਵਿਰੋਧ ਕਰ ਰਹੇ ਹਨ। ਸ਼ੁੱਕਰਵਾਰ ਨੂੰ ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਦੇ ਮੰਦਰ ਵਿੱਚ ਪੂਜਾ ਕਰਨ ਮਗਰੋਂ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਲੰਘੇ ਦਿਨੀਂ ਉਸ ਨੇ ਇਕ ਬਿਆਨ ਦਿੱਤਾ ਸੀ, ਅਸਲ ਵਿੱਚ ਉਹ ਸਵੈ ਰੱਖਿਆ ਸਬੰਧੀ ਦਿੱਤਾ ਗਿਆ ਸੀ ਪਰ ਉਸ ਨੂੰ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਮੁੱਖ ਮੰਤਰੀ ਨੇ ਡਾਂਗ ਚੁੱਕਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ,‘ਉਹ ਬਿਆਨ ਕਿਸੇ ਗ਼ਲਤ ਭਾਵਨਾ ਨਹੀਂ ਦਿੱਤਾ ਗਿਆ। ਆਤਮ-ਰੱਖਿਆ ਕਰਨ ਲਈ ਕਿਹਾ ਸੀ ਪਰ ਸਾਡੇ ਕੁਝ ਅੰਦੋਲਨਕਾਰੀਆਂ ਨੂੰ ਉਹ ਰਾਸ ਨਹੀਂ ਆਇਆ ਅਤੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।’ ਮੁੱਖ ਮੰਤਰੀ ਨੇ ਕਿਹਾ,‘ਮੈਂ ਆਪਣੇ ਕਿਸਾਨ ਭਰਾਵਾਂ ਜਿਨ੍ਹਾਂ ਨੂੰ ਠੇਸ ਪੁੱਜੀ ਹੈ, ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਸ ਬਿਆਨ ਨੂੰ ਵਾਪਸ ਲੈਂਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਅਮਨ-ਕਾਨੂੰਨ ਦੀ ਸਥਿਤੀ ਭੰਗ ਹੋਵੇ ਅਤੇ ਹਾਲਾਤ ਖ਼ਰਾਬ ਹੋਣ। ਉਨ੍ਹਾਂ ਕਿਹਾ ਕਿ ਅੰਦੋਲਨ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ। ਖੱਟਰ ਨੇ ਕਿਹਾ ਕਿ ਕਿਸਾਨਾਂ ਨੂੰ ਆਗੂਆਂ ਦਾ ਵਿਰੋਧ ਛੱਡ ਕੇ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ। 


Leave a Reply