ਗੁਹਾਟੀ, 10 ਜੂਨ

ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਘੱਟਗਿਣਤੀ ਭਾਈਚਾਰੇ ਨੂੰ ‘ਢੁੱਕਵੀਂ ਪਰਿਵਾਰ ਨਿਯੋਜਨ ਪਾਲਿਸੀ’ ਅਪਣਾਉਣ ਦੀ ਅਪੀਲ ਕੀਤੀ ਹੈ, ਤਾਂ ਕਿ ਆਬਾਦੀ ਨੂੰ ਕੰਟਰੋਲ ਕਰਕੇ ਗਰੀਬੀ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਦਾ ਹਰ ਵਰਗ ਤੇ ਹਰੇਕ ਭਾਈਵਾਲ ਅੱਗੇ ਆ ਕੇ ਗਰੀਬੀ ਨੂੰ ਘਟਾਉਣ ਵਿੱਚ ਸਰਕਾਰ ਦੀ ਮਦਦ ਤੇ ਹਮਾਇਤ ਕਰੇ। 

ਆਪਣੀ ਸਰਕਾਰ ਦੇ 30 ਦਿਨ ਮੁਕੰਮਲ ਹੋਣ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਮਾ ਨੇ ਕਿਹਾ, ‘‘ਸਰਕਾਰ ਸਾਰੇ ਗਰੀਬ ਲੋਕਾਂ ਦੀ ਸਰਪ੍ਰਸਤ ਹੈ, ਪਰ ਆਬਾਦੀ ਵਿੱਚ ਵਾਧੇ ਦੇ ਟਾਕਰੇ ਲਈ ਘੱਟਗਿਣਤੀ ਭਾਈਚਾਰੇ ਦੀ ਹਮਾਇਤ ਦੀ ਲੋੜ ਹੈ। ਕਿਉਂਕਿ ਆਬਾਦੀ ਵਿੱਚ ਵਾਧਾ ਗਰੀਬੀ, ਅਨਪੜ੍ਹਤਾ ਤੇ ਢੁੱਕਵੇਂ ਪਰਿਵਾਰ ਨਿਯੋਜਨ ਦੀ ਘਾਟ ਦਾ ਮੂਲ ਕਾਰਨ ਹੈ।’’ ਸਰਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੱਟਗਿਣਤੀ ਭਾਈਚਾਰੇ ਦੀਆਂ ਔਰਤਾਂ ਨੂੰ ਸਿੱਖਿਅਤ ਕਰਨ ਦੀ ਦਿਸ਼ਾ ’ਚ ਕੰਮ ਕਰੇਗੀ, ਤਾਂ ਕਿ ਇਸ ਸਮੱਸਿਆ ਦਾ ਅਸਰਦਾਰ ਤਰੀਕੇ ਨਾਲ ਟਾਕਰਾ ਕੀਤਾ ਜਾ ਸਕੇ।’ ਉਨ੍ਹਾਂ ਕਿਹਾ ਕਿ ਸਰਕਾਰ ਮੰਦਰਾਂ, ਧਾਰਮਿਕ ਥਾਵਾਂ ਤੇ ਜੰਗਲਾਤ ਮਹਿਕਮੇ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ਿਆਂ ਦੀ ਇਜਾਜ਼ਤ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਮੈਂਬਰਾਂ ਨੇ ਸਰਕਾਰ ਨੂੰ ਯਕੀਨ ਦਿਵਾਇਆ ਹੈ ਕਿ ਉਹ ਅਜਿਹੀਆਂ ਜ਼ਮੀਨਾਂ ’ਤੇ ਕਬਜ਼ਾ ਨਹੀਂ ਚਾਹੁੰਦੇ। ਮੁੱਖ ਮੰਤਰੀ ਨੇ ਭਾਈਚਾਰੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅੰਤਰਝਾਤ ਮਾਰਨ ਤੇ ਆਬਾਦੀ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ। -ਪੀਟੀਆਈ

LEAVE A REPLY

Please enter your comment!
Please enter your name here