ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 24 ਅਗਸਤ
ਸ੍ਰੀ ਕ੍ਰਿਸ਼ਨ ਗਊਸ਼ਾਲਾ ਨੇੜੇ ਸਥਿਤ ਪ੍ਰਾਇਮਰੀ ਸਕੂਲ ਦੇ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਤੇ ਸਬੰਧਤ ਗਲੀ ਦੇ ਨਿਰਮਾਣ ਕਾਰਜ ਦੀ ਮੱਠੀ ਰਫ਼ਤਾਰ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਪਿੰਡ ਦੇ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਆਉਣ-ਜਾਣ ਵਿੱਚ ਵੀ ਦਿੱਕਤ ਆ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਬੰਧਤ ਸਮੱਸਿਆ ਤੋਂ ਜਾਣੂ ਹੋਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਗਲੀ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਕੁਝ ਦਿਨ ਪਹਿਲਾਂ ਡੀਐੱਨ ਕਾਲਜ ਵੱਲੋਂ ਇਸ ਗਲੀ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਠੇਕੇਦਾਰ ਵੱਲੋਂ ਕਰੀਬ ਦੋ ਸੌ ਫੁੱਟ ਖੇਤਰ ਵਿੱਚ ਹੀ ਇੰਟਰਲਾਕ ਟਾਈਲਾਂ ਲਾ ਕੇ ਗਲੀ ਦਾ ਨਿਰਮਾਣ ਕੀਤਾ ਗਿਆ ਸੀ। ਇਸ ਕਾਰਨ ਤਿੰਨ ਦਿਨ ਪਹਿਲਾਂ ਪਏ ਮੀਂਹ ਕਾਰਨ ਗਲੀ ਪਾਣੀ ਵਿੱਚ ਡੁੱਬ ਗਈ ਅਤੇ ਧਸ ਗਈ। ਇਸ ਕਰਕੇ ਲੋਕਾਂ ਵਿੱਚ ਰੋਹ ਫੈਲ ਗਿਆ। ਲੋਕਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਗਲੀ ਨੂੰ ਪੁੱਟੇ ਹੋਏ ਕਰੀਬ ਸੱਤ ਮਹੀਨੇ ਬੀਤ ਚੁੱਕੇ ਹਨ ਪਰ ਅੱਜ ਤੱਕ ਇਸ ਦੀ ਉਸਾਰੀ ਦਾ ਕੰਮ ਲਟਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਗਲੀ ਦੀ ਉਸਾਰੀ ਕੀਤੀ ਗਈ ਹੈ, ਉੱਥੇ ਨਾਮਾਤਰ ਹੀ ਪੱਥਰ ਪਾਏ ਗਏ ਹਨ ਅਤੇ ਨਾ ਹੀ ਗਲੀ ਦਾ ਲੇਬਲ ਠੀਕ ਕੀਤਾ ਗਿਆ ਹੈ, ਜਿਸ ਕਾਰਨ ਬਰਸਾਤ ਦਾ ਪਾਣੀ ਇੱਕ ਥਾਂ ਇਕੱਠਾ ਹੋ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਨਗਰ ਪਾਲਿਕਾ ਪਹੁੰਚੀ ਸਥਾਨਕ ਸਰਕਾਰਾਂ ਵਿਭਾਗ ਦੀ ਸੰਯੁਕਤ ਡਾਇਰੈਕਟਰ ਮੋਨਿਕਾ ਰਾਣੀ ਨੂੰ ਵੀ ਮਿਲੇ ਸਨ, ਜਿਸ ’ਤੇ ਉਨ੍ਹਾਂ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਮੌਕੇ ਮਾਇਆ ਦੇਵੀ, ਕਰਮਜੀਤ, ਆਸ਼ਾ ਰਾਣੀ, ਮਧੂ ਰਾਣੀ, ਸੁਨੀਤਾ ਰਾਣੀ, ਸੁਨੀਲ ਕੁਮਾਰ, ਰਾਜਿੰਦਰ ਕੁਮਾਰ ਹਾਜ਼ਰ ਸਨ।