ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 2 ਮਈ

ਦਿੱਲੀ ਦੇ ਉੱਤਰੀ ਖੇਤਰ ਵਿੱਚ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਪਿੱਛੋਂ ਲੰਘਦੀ ਯਮੁਨਾ ਨਦੀ ਵਿੱਚ ਕਰੋਨਾਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਲੋਕਾਂ ਦੀ ਕਤਾਰ ਲੱਗਣ ਲੱਗ ਪਈ ਹੈ।

ਦਿੱਲੀ ਵਿੱਚ ਤਾਲਾਬੰਦੀ ਚੱਲ ਰਹੀ ਹੈ ਅਤੇ ਹੋਰ ਸੂਬਿਆਂ ਵਿੱਚ ਵੀ ਆਵਾਜਾਈ ਲਈ ਪਾਬੰਦੀਆਂ ਹੋਣ ਕਰ ਕੇ ਹੁਣ ਦਿੱਲੀ ਦੇ ਪਰਿਵਾਰਾਂ ਵੱਲੋਂ ਆਪਣੇ ਵਿਛੜੇ ਅਜ਼ੀਜ਼ਾਂ ਦੇ ਫੁੱਲ ਤੇ ਸਿਵਿਆਂ ਦੀ ਸੁਆਹ ਗੁਰਦੁਆਰੇ ਦੇ ਪਿਛਲੇ ਪਾਸਿਓਂ ਬਾਹਰਵਾਰ ਜਾਂਦੇ ਰਸਤੇ ਤੋਂ ਯਮੁਨਾ ਨਦੀ ਵਿੱਚ ਪ੍ਰਵਾਹ ਕੀਤੀ ਜਾ ਰਹੀ ਹੈ। ਹਾਲਾਂਕਿ ਦਿੱਲੀ ਤੋਂ ਹੋਰ ਵਰਗਾਂ ਦੇ ਪਰਿਵਾਰਾਂ ਵੱਲੋਂ ਆਮ ਹਾਲਤਾਂ ਵਿੱਚ ਗੜ੍ਹਮੁਕਤੇਸ਼ਵਰ (ਉੱਤਰ ਪ੍ਰਦੇਸ਼) ਜਾਂ ਹਰਿਦੁਆਰ ਜਾ ਕੇ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਹੁਣ ਤਾਲਾਬੰਦੀ ਕਰ ਕੇ ਅਜਿਹੇ ਪਰਿਵਾਰਾਂ ਵੱਲੋਂ ਵੀ ਯਮੁਨਾ ਨਦੀ ਵਿੱਚ ਹੀ ਫੁੱਲ ਜਲ ਪ੍ਰਵਾਹ ਕਰ ਦਿੱਤੇ ਜਾਂਦੇ ਹਨ। ਹਾਲਾਂਕਿ ਇੱਥੇ ਗੜ੍ਹਮੁਕਤੇਸ਼ਵਰ ਜਾਂ ਹਰਿਦੁਆਰ ਵਾਂਗ ਪੂਜਾ ਤਾਂ ਨਹੀਂ ਕੀਤੀ ਜਾਂਦੀ ਪਰ ਪਰਿਵਾਰ ਆਖ਼ਰੀ ਰਸਮਾਂ ਇੱਥੇ ਹੀ ਨਿਭਾਉਣ ਲਈ ਮਜਬੂਰ ਹਨ। ਇਨ੍ਹਾਂ ਦਿਨਾਂ ਦੌਰਾਨ ਜੋ ਲੋਕ ਕੁਦਰਤੀ ਮੌਤ ਵੀ ਮਰ ਰਹੇ ਹਨ ਉਨ੍ਹਾਂ ਦੇ ਪਰਿਵਾਰ ਵੀ ਗੁਰਦੁਆਰਾ ਮਜਨੂੰ ਕਾ ਟਿੱਲਾ ਨੇੜਲੀ ਇਸ ਥਾਂ ’ਤੇ ਹੀ ਫੁੱਲ ਜਲ ਪ੍ਰਵਾਹ ਕਰ ਜਾਂਦੇ ਹਨ। ਦਿੱਲੀ ਦੇ ਸਿੱਖ ਪਰਿਵਾਰ ਤਾਂ ਬੀਤੇ ਕੁੱਝ ਸਮੇਂ ਤੋਂ ਆਪਣਿਆਂ ਦੇ ਫੁੱਲ ਇੱਥੇ ਹੀ ਪਾਉਣ ਲੱਗ ਪਏ ਸਨ ਅਤੇ ਹੁਣ ਕਰੋਨਾ ਕਾਲ ਦੌਰਾਨ ਹੋਰ ਵਰਗ ਦੇ ਲੋਕ ਵੀ ਇੱਥੇ ਹੀ ਅਸਥੀਆਂ ਪ੍ਰਵਾਹ ਕਰਨ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਰੋਜ਼ਾਨਾ 400 ਤੋਂ ਵੱਧ ਮੌਤਾਂ ਕਰੋਨਾ ਕਾਰਨ ਹੋ ਰਹੀਆਂ ਹਨ।

LEAVE A REPLY

Please enter your comment!
Please enter your name here