ਘੱਟ ਗਿਣਤੀ ਕਮਿਸ਼ਨ ਵੱਲੋਂ ਲਖੀਮਪੁਰ ਹਿੰਸਾ ਅਤੇ ਕਸ਼ਮੀਰ ’ਚ ਸਿੱਖ ਔਰਤ ਦੀ ਹੱਤਿਆ ਸਬੰਧੀ ਰਿਪੋਰਟ ਤਲਬ

0


ਨਵੀਂ ਦਿੱਲੀ, 8 ਅਕਤੂਬਰ

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ’ਚ ਸਿੱਖ ਭਾਈਚਾਰੇ ਦੇ ਕੁਝ ਵਿਅਕਤੀਆਂ ਦੇ ਮਾਰੇ ਜਾਣ ਅਤੇ ਕਸ਼ਮੀਰ ਵਿਚ ਇਕ ਸਿੱਖ ਮਹਿਲਾ ਦੀ ਅੱਤਿਵਾਦੀਆਂ ਵੱਲੋਂ ਹੱਤਿਆ ਕੀਤੇ ਜਾਣ ਦੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਸਰਕਾਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਕੋਲੋਂ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ, ‘‘ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਅੰਦੋਲਨ ਦੌਰਾਨ ਕੁਝ ਸਿੱਖਾਂ ਸਣੇ ਕਈ ਵਿਅਕਤੀਆਂ ਦੇ ਮਾਰੇ ਜਾਣ ਦੀ ਘਟਨਾ ਦਾ ਖ਼ੁਦ ਨੋਟਿਸ ਲਿਆ ਹੈ।’’ ਕਮਿਸ਼ਨ ਨੇ ਕਿਹਾ, ‘‘ਕਮਿਸ਼ਨ ਦੇ ਪ੍ਰਧਾਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਵਿਸਥਾਰ ਵਿਚ ਰਿਪੋਰਟ ਦੇਣ।’’ ਬਿਆਨ ਮੁਤਾਬਕ ਲਾਲਪੁਰਾ ਨੇ ਜੰਮੂ ਕਸ਼ਮੀਰ ਵਿਚ ਇਕ ਸਿੱਖ ਔਰਤ ਦੀ ਹੱਤਿਆ ਹੋਣ ਸਬੰਧੀ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਕੋਲੋਂ ਵੀ ਰਿਪੋਰਟ ਮੰਗੀ ਹੈ ਅਤੇ ਉਨ੍ਹਾਂ ਨੂੰ ਘੱਟ ਗਿਣਤੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਕਦਮ ਉਠਾਉਣ ਵਾਸਤੇ ਕਿਹਾ ਹੈ। -ਪੀਟੀਆਈ


Leave a Reply