ਚੋਣਾਂ ਤੋਂ 6 ਮਹੀਨੇ ਪਹਿਲਾਂ ਸਰਵੇਖਣਾਂ ’ਤੇ ਪਾਬੰਦੀ ਲੱਗੇ: ਮਾਇਆਵਤੀ

0


ਲਖਨਊ, 9 ਅਕਤੂਬਰ

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੰਗ ਕਰੇਗੀ ਕਿ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਕਿਸੇ ਵੀ ਮੀਡੀਆ ਅਦਾਰੇ ਅਤੇ ਹੋਰ ਏਜੰਸੀਆਂ ਵੱਲੋਂ ਕਰਵਾਏ ਜਾਂਦੇ ਸਰਵੇਖਣਾਂ ‘ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਸੂਬੇ ‘ਚ ਚੋਣਾਂ ‘ਤੇ ਉਸ ਦਾ ਕੋਈ ਅਸਰ ਨਾ ਪਵੇ। ਬਸਪਾ ਬਾਨੀ ਕਾਂਸ਼ੀਰਾਮ ਦੀ 15ਵੀਂ ਬਰਸੀ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਮੰਗ ਕੀਤੀ ਕਿ ਸਵਰਗੀ ਦਲਿਤ ਆਗੂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਸੂਬੇ ‘ਚ ਸੱਤਾ ਬਦਲਣ ਦਾ ਮਨ ਬਣਾ ਲਿਆ ਹੈ। ਬਸਪਾ ਮੁਖੀ ਨੇ ਕਿਹਾ,”ਜਦੋਂ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਸੀ ਤਾਂ ਸਰਵੇਖਣਾਂ ਦੌਰਾਨ ਦਿਖਾਇਆ ਜਾ ਰਿਹਾ ਸੀ ਕਿ ਮਮਤਾ ਬੈਨਰਜੀ ਪੱਛੜ ਰਹੀ ਹੈ ਪਰ ਨਤੀਜੇ ਇਸ ਦੇ ਬਿਲਕੁਲ ਉਲਟ ਆਏ। ਜਿਹੜੇ ਸੱਤਾ ਹਾਸਲ ਕਰਨ ਦਾ ਸੁਪਨਾ ਲੈ ਰਹੇ ਸਨ, ਉਨ੍ਹਾਂ ਦੇ ਸੁਪਨੇ ਚੂਰ ਹੋ ਗਏ ਅਤੇ ਮਮਤਾ ਭਾਰੀ ਬਹੁਮੱਤ ਨਾਲ ਮੁੜ ਸੱਤਾ ‘ਚ ਆ ਗਈ। ਇਸ ਲਈ ਲੋਕਾਂ ਨੂੰ ਇਨ੍ਹਾਂ ਸਰਵੇਖਣਾਂ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ ਹੈ।” ਮਾਇਆਵਤੀ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਇਕ ਨਿਊਜ਼ ਚੈਨਲ ਨੇ ਆਪਣੇ ਸਰਵੇਖਣ ‘ਚ ਦਿਖਾਇਆ ਕਿ ਭਾਜਪਾ ਯੂਪੀ ‘ਚ ਵਿਧਾਨ ਸਭਾ ਦੌਰਾਨ ਮੁੜ ਸੱਤਾ ਹਾਸਲ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਅਤੇ ਯੂਪੀ ਸਰਕਾਰਾਂ ਵੱਲੋਂ ਆਪਣੇ ਪੱਖ ‘ਚ ਮਾਹੌਲ ਬਣਾਉਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ‘ਸਾਰੇ ਜਾਣਦੇ ਹਨ ਕਿ ਜਦੋਂ ਇਹ ਹਥਕੰਡੇ ਕੰਮ ਨਹੀਂ ਕਰਦੇ ਹਨ ਤਾਂ ਭਾਜਪਾ ਚੋਣਾਂ ਨੂੰ ਹਿੰਦੂ-ਮੁਸਲਮਾਨ ਦੀ ਰੰਗਤ ਦੇ ਦਿੰਦੀ ਹੈ ਅਤੇ ਇਸ ਦੀ ਆੜ ਹੇਠ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕਰਦੀ ਹੈ।’ ਕਿਸੇ ਪਾਰਟੀ ਦਾ ਨਾਮ ਲਏ ਬਿਨਾਂ ਮਾਇਆਵਤੀ ਨੇ ਕਿਹਾ ਕਿ ਕੁਝ ਛੋਟੀ ਪਾਰਟੀਆਂ ਇਕੱਲਿਆਂ ਜਾਂ ਸਾਂਝੇ ਤੌਰ ‘ਤੇ ਚੋਣਾਂ ਲੜ ਸਕਦੀਆਂ ਹਨ। ਉਨ੍ਹਾਂ ਦਾ ਕੰਮ ਚੋਣਾਂ ਜਿੱਤਣਾ ਨਹੀਂ ਸਗੋਂ ਭਾਜਪਾ ਨੂੰ ਲਾਹਾ ਦੇਣਾ ਹੈ। ਉਨ੍ਹਾਂ ਦਾ ਇਸ਼ਾਰਾ ਸੁਹੇਲਦੇਵ ਭਾਰਤੀ ਸਮਾਜ ਪਾਰਟੀ, ਏਆਈਐੱਮਆਈਐੱਮ ਅਤੇ ਭੀਮ ਆਰਮੀ ਵੱਲੋਂ ਬਣਾਏ ਜਾਣ ਵਾਲੇ ਮੋਰਚੇ ਵੱਲ ਸੀ। ਉਨ੍ਹਾਂ ਵਾਅਦਾ ਕੀਤਾ ਕਿ ਜੇ ਉਹ ਸੱਤਾ ਵਿਚ ਆਉਂਦੀ ਹੈ ਤਾਂ ਭਾਜਪਾ ਵੱਲੋਂ ਅਯੁੱਧਿਆ, ਵਾਰਾਨਸੀ, ਮਥੁਰਾ ਤੇ ਹੋਰ ਧਾਰਮਿਕ ਥਾਵਾਂ ਉਤੇ ਚੱਲ ਰਹੇ ਕਾਰਜਾਂ ਨੂੰ ਰੋਕਿਆ ਨਹੀਂ ਜਾਵੇਗਾ। -ਪੀਟੀਆਈ


Leave a Reply