ਨਵੀਂ ਦਿੱਲੀ, 10 ਜੂਨ

ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੂੰ ਵਿੱਤੀ ਵਰ੍ਹੇ 2019-20 ਦੌਰਾਨ ਵਿਅਕਤੀਗਤ ਦਾਨ, ਇਲੈਕਟੋਰਲ ਟਰੱਸਟ ਅਤੇ ਕਾਰਪੋਰੇਟਾਂ ਤੋਂ ਕੁਲ 785 ਕਰੋੜ ਰੁਪਏ ਦਾ ਚੰਦਾ ਮਿਲਿਆ ਜੋ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਇਸ ਸਮੇਂ ਦੌਰਾਨ ਮਿਲੇ ਚੰਦੇ ਦਾ ਕਰੀਬ ਪੰਜ ਗੁਣਾ ਹੈ।

ਭਾਜਪਾ ਵੱਲੋਂ ਫਰਵਰੀ ਵਿੱਚ ਚੋਣ ਕਮਿਸ਼ਨ ਨੂੰ ਸੌਂਪੀ ਗਈ ਨਵੀਂ ਰਿਪੋਰਟ ਅਤੇ ਇਸ ਹਫ਼ਤੇ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਅਨੁਸਾਰ ਪਾਰਟੀ ਨੂੰ 785 ਕਰੋੜ ਰੁਪਏ ਦਾ ਚੰਦਾ ਮਿਲਿਆ। ਜਾਣਕਾਰੀ ਅਨੁਸਾਰ ਭਾਜਪਾ ਦੇ ਚੰਦੇ ਵਿੱਚ ਸਭ ਤੋਂ ਵਧ ਯੋਗਦਾਨ ਇਲੈਕਟੋਰਲ ਟਰੱਸਟ, ਕਾਰਪੋਰੇਟਾਂ ਅਤੇ ਪਾਰਟੀ ਦੇ ਆਪਣੇ ਆਗੂਆਂ ਨੇ ਦਿੱਤਾ। ਭਾਜਪਾ ਨੂੰ ਸਭ ਤੋਂ ਵਧ ਚੰਦਾ ਚੇਣ ਵਾਲੇ ਆਗੂਆਂ ਵਿੱਚ ਪਿਊਸ਼ ਗੋਇਲ, ਪੇਮਾ ਖਾਂਡੂ, ਕਿਰਨ ਖੇਰ ਅਤੇ ਰਮਨ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਆਈਟੀਸੀ, ਕਲਿਆਣ ਜਵੈਲਰਜ਼, ਰੇਅਰ ਇੰਟਰਪ੍ਰਾਇਜਿਜ, ਅੰਬੂਜਾ ਸੀਮੇਂਟ, ਲੋਢਾ ਡਿਵੈਲਪਰਜ਼ ਅਤੇ ਮੋਤੀਲਾਲ ਓਸਵਾਲ ਕੁਝ ਕਾਰਪੋਰੇਟ ਹਨ। ਨਿਊ ਡੈਮੋਕ੍ਰੈਟਿਕ ਇਲੈਕਟੋਰਲ ਟਰੱਸਟ, ਪਰੂਡੈਂਟ ਇਲੈਕਟੋਰਲ ਟਰੱਸਟ, ਜਲ ਕਲਿਆਣ ਇਲੈਕਟੋਰਲ ਟਰੱਸਟ, ਟ੍ਰਾਇੰਫ਼ ਇਲੈਕਟੋਰਲ ਨੇ ਵੀ ਭਾਜਪਾ ਦੇ ਖਜ਼ਾਨੇ ਵਿੱਚ ਯੋਗਦਾਨ ਪਾਇਆ। ਕਾਂਗਰਸ ਵੱਲੋਂ ਚੰਦਾ ਦੇਣ ਵਾਲਿਆਂ ਦੀ ਦਿੱਤੀ ਜਾਣਕਾਰੀ ਅਨੁਸਾਰ ਉਸ ਨੂੰ ਕੁਲ 139 ਕਰੋੜ ਦਾ ਚੰਦਾ ਮਿਲਿਆ। ਉਧਰ, ਤਿ੍ਣਮੂਲ ਕਾਂਗਰਸ ਨੂੰ ਅੱਠ ਕਰੋੜ, ਸੀਪੀਆਈ ਨੂੰ 1.3 ਕਰੋੜ ਰੁਪਏ ਅਤੇ ਸੀਪੀਆਈ(ਐੱਮ) ਨੂੰ 19.7 ਕਰੋੜ ਰੁਪਏ ਚੰਦਾ ਮਿਲਿਆ। ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ 20 ਹਜ਼ਾਰ ਤੋਂ ਵਧ ਰਾਸ਼ੀ ਦੇਣ ਵਾਲਿਆਂ ਦੀ ਹੀ ਜਾਣਕਾਰੀ ਹੈ। ਕੋਵਿਡ-19 ਮਹਾਮਾਰੀ ਦੇ ਚੱਲਦੇ ਚੋਣ ਕਮਿਸ਼ਨ ਨੇ ਸਾਲ 2019-20 ਲਈ ਸਾਲਾਨਾ ਆਡਿਟ ਰਿਪੋਰਟ ਜਮ੍ਹਾਂ ਕਰਾਉਣ ਦੀ ਅੰਤਿਮ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਹੈ। -ਏਜੰਸੀ

 

LEAVE A REPLY

Please enter your comment!
Please enter your name here