ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਮਾਣ ਮਹਿਸੂਸ ਕਰ ਰਹੇ ਨੇ ਹਲਕੇ ਦੇ ਲੋਕ

0


ਸੰਜੀਵ ਬੱਬੀ

ਚਮਕੌਰ ਸਾਹਿਬ, 19 ਸਤੰਬਰ

ਪਿਛਲੇ ਲੰਮੇ ਸਮੇਂ ਤੋਂ ਵਿਕਾਸ ਵਿੱਚ ਪਛੜੇ ਇਤਿਹਾਸਕ ਹਲਕਾ ਚਮਕੌਰ ਸਾਹਿਬ ਨੂੰ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਕੈਬਨਿਟ ਮੰਤਰੀ ਬਣਨ ਨਾਲ ਵਿਕਾਸ ਦੀ ਰਾਹ ਮਿਲੀ ਸੀ, ਪਰ ਹੁਣ ਚਮਕੌਰ ਸਾਹਿਬ ਹਲਕੇ ਦੇ ਲੋਕ ਸ੍ਰੀ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਮਾਣ ਮਹਿਸੂਸ ਕਰ ਰਹੇ ਹਨ। ਅੱਜ ਜਿਉਂ ਹੀ ਕਾਂਗਰਸ ਹਾਈ ਕਮਾਨ ਵੱਲੋਂ ਸ੍ਰੀ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਐਲਾਨਿਆ ਗਿਆ ਤਾਂ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸ਼ਹਿਰ ਵਿੱਚ ਕਾਂਗਰਸੀ ਆਗੂਆਂ ਨੇ ਪਟਾਕੇ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਅਗਲੇ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਨੇ ਸਾਲ 2007 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਤੋਂ ਟਿਕਟ ਮੰਗੀ ਸੀ, ਪਰ ਟਿਕਟ ਨਾ ਮਿਲਣ ਕਾਰਨ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਜੇਤੂ ਰਹੇ। ਮਗਰੋਂ ਸਾਲ 2012 ਅਤੇ 2017 ਵਿੱਚ ਵੀ ਉਹ ਚਮਕੌਰ ਸਾਹਿਬ ਹਲਕੇ ਤੋਂ ਜੇਤੂ ਰਹੇ ਜਦੋਂ ਕਿ 10 ਸਾਲ ਅਕਾਲੀ-ਭਾਜਪਾ ਸਰਕਾਰ ਦਾ ਰਾਜ ਭਾਗ ਸੀ। ਸ੍ਰੀ ਚੰਨੀ ਨੇ ਅਕਾਲੀ ਦਲ ਬਾਦਲ ਦੀ ਪੰਜ ਵਾਰ ਵਿਧਾਇਕ ਤੇ ਕੈਬਨਿਟ ਮੰਤਰੀ ਮਰਹੂਮ ਬੀਬੀ ਸਤਵੰਤ ਕੌਰ ਸੰਧੂ ਨੂੰ ਚਮਕੌਰ ਸਾਹਿਬ ਤੋਂ ਹਰਾ ਕੇ ਅਕਾਲੀ ਦਲ ਦੀ ਪੰਥਕ ਸੀਟ ’ਤੇ ਕਬਜ਼ਾ ਕੀਤਾ ਸੀ। ਚੰਨੀ ਬੇਹੱਦ ਮਿਹਨਤੀ ਲੀਡਰ ਵਜੋਂ ਜਾਣੇ ਜਾਂਦੇ ਹਨ। ਬੇਸ਼ੱਕ ਸ੍ਰੀ ਚੰਨੀ ਆਪਣੇ ਸਾਢੇ ਚੌਦਾਂ ਸਾਲਾਂ ਦੇ ਵਿਧਾਇਕ ਦੇ ਕਾਰਜਕਾਲ ਦੌਰਾਨ ਸਿਰਫ ਸਾਢੇ ਚਾਰ ਸਾਲ ਹੀ ਸੱਤਾ ਵਿੱਚ ਰਹੇ, ਪਰ ਇਸ ਦੌਰਾਨ ਉਨ੍ਹਾਂ ਨੇ ਚਮਕੌਰ ਸਾਹਿਬ ਦੀ ਨੁਹਾਰ ਬਦਲਣ ਲਈ ਕਈ ਅਹਿਮ ਕਾਰਜ ਕੀਤੇ ਹਨ। ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਥੀਮ ਪਾਰਕ ਨੂੰ ਮੁਕੰਮਲ ਕਰਵਾਉਣ ਲਈ ਉਨ੍ਹਾਂ ਨੇ ਦਿਨ-ਰਾਤ ਇੱਕ ਕੀਤਾ ਅਤੇ ਥੀਮ ਪਾਰਕ ਨੂੰ ਪੂਰਾ ਕਰਨ ਲਈ ਮੁੰਬਈ ਤੱਕ ਜਾ ਕੇ ਖੁਦ ਮਸ਼ਹੂਰ ਗਾਇਕਾਂ ਦੀ ਆਵਾਜ਼ ਵਿੱਚ ਗੀਤ ਰਿਕਾਰਡ ਕਰਵਾਏ। ਚਮਕੌਰ ਸਾਹਿਬ ਦਾ ਦਰਬਾਰ ਸਾਹਿਬ ਕੌਰੀਡੋਰ ਦੀ ਤਰਜ਼ ’ਤੇ ਸੁੰਦਰੀਕਰਨ ਕਾਰਜ ਜਾਰੀ ਹੈ, ਜਿਸ ਦੀ ਨਿਗਰਾਨੀ ਚੰਨੀ ਖੁਦ ਕਰ ਰਹੇ ਹਨ। ਇਸ ਤੋਂ ਇਲਾਵਾ ਸੰਧੂਆਂ ਚੌਕ ਵਿੱਚ ਬਣ ਰਹੇ ਸਿਟੀ ਸੈਂਟਰ, ਜਿਸ ਦਾ ਕੰਮ 24 ਘੰਟੇ ਚੱਲ ਰਿਹਾ ਹੈ, ਸਮੇਤ ਪਛੜੇ ਇਲਾਕੇ ਵਿੱਚ ਚਮਕੌਰ ਸਾਹਿਬ-ਬੇਲਾ ਸੜਕ ਤੇ ਸਕਿੱਲ ਇੰਸਟੀਚਿਊਟ ਦੀ ਸਥਾਪਨਾ ਨੇ ਸ੍ਰੀ ਚੰਨੀ ਦਾ ਕੱਦ ਬਹੁਤ ਵਧਾਇਆ ਹੈ। ਹੁਣ ਜਦੋਂ ਸ੍ਰੀ ਚੰਨੀ ਮੁੱਖ ਮੰਤਰੀ ਬਣ ਰਹੇ ਹਨ ਤਾਂ ਚਮਕੌਰ ਸਾਹਿਬ ਹਲਕੇ ਦੀਆਂ ਆਸਾਂ ਹੋਰ ਵਧ ਗਈਆਂ ਹਨ।


Leave a Reply