ਛਾਪੇ ਦੌਰਾਨ ਸੂਰਜਕੁੰਡ ਦੀ ਪੁਲੀਸ ’ਤੇ ਸ਼ਰਾਬ ਮਾਫ਼ੀਆ ਵੱਲੋਂ ਹਮਲਾ

3

ਪੱਤਰ ਪ੍ਰੇਰਕ

ਫਰੀਦਾਬਾਦ, 9 ਅਕਤੂਬਰ

ਐੱਨਸੀਆਰ ਵਿੱਚ ਵੀ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਜ਼ੋਰ ਫੜਨ ਲੱਗਾ ਹੈ। ਫਰੀਦਾਬਾਦ ਦੇ ਸੂਰਜਕੁੰਡ ਥਾਣਾ ਇਲਾਕੇ ਦੇ ਪਹਾੜੀ ਖੇਤਰ ਵਿੱਚ ਸ਼ਰਾਬ ਮਾਫ਼ੀਆ ਵੱਲੋਂ ਰੂੜੀ ਮਾਰਕਾ ਸ਼ਰਾਬ ਕੱਢਣ ਦੀਆਂ ਕਨਸੋਆਂ ਕਈ ਦਿਨਾਂ ਤੋਂ ਆ ਰਹੀਆਂ ਸਨ, ਜਿਸ ਕਰਕੇ ਅੱਜ ਸੂਰਜਕੁੰਡ ਥਾਣਾ ਪੁਲੀਸ ਵੱਲੋਂ ਆਨੰਗਪੁਰ ਪਿੰਡ ਦੇ ਗੁਪਤ ਟਿਕਾਣੇ ਉੁਪਰ ਜਦੋਂ ਛਾਪਾ ਮਾਰਿਆ ਗਿਆ, ਇਸ ਦੌਰਾਨ ਥਾਣੇ ਦੇ ਐੱਸਐੱਚਓ ਉਪਰ ਸ਼ਰਾਬ ਮਾਫ਼ੀਆ ਵੱਲੋਂ ਕਥਿਤ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਪੁਲੀਸ ਦੀ ਜਿਪਸੀ ਦੇ ਸ਼ੀਸ਼ੇ ਤੋੜ ਦਿੱਤੇ ਗਏ। ਥਾਣਾ ਮੁਖੀ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਮੈਡੀਕਲ ਜਾਂਚ ਕੀਤੀ ਗਈ।

ਸੂਤਰਾਂ ਮੁਤਾਬਕ ਜਿਉਂ ਹੀ ਪੁਲੀਸ ਦੀ ਜਿਪਸੀ ਤੇ ਟੀਮ ਕੱਚੀ ਸ਼ਰਾਬ ਦੀ ਭੱਠੀ ਫੜਨ ਲਈ ਆਨੰਗਪੁਰ ਦੇ ਪਹਾੜੀ ਇਲਾਕੇ ਵਿੱਚ ਪੁੱਜੀ ਤਾਂ ਉਸ ਟੀਮ ਉਪਰ ਪੱਥਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ। ਪੁਲੀਸ ਟੀਮ ਜਿਵੇਂ ਤਿਵੇਂ ਉੱਥੋਂ ਨਿਕਲੀ ਤੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ। ਇਸ ਦੌਰਾਨ ਕੱਚੀ ਸ਼ਰਾਬ ਕੱਢਣ ਵਾਲੇ ਕਥਿਤ ਮੁਲਜ਼ਮ ਫਰਾਰ ਹੋ ਗਏ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੋਈ ਸੀ।

Leave a Reply