ਅਲੀਗੜ੍ਹ (ਉੱਤਰ ਪ੍ਰਦੇਸ਼), 10 ਜੂਨ

ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਇਕ ਮੈਂਬਰ ਨੇ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਹੈ ਕਿ ਕੁੜੀਆਂ ਨੂੰ ਮੋਬਾਈਲ ਫੋਨ ਨਹੀਂ ਦੇਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਨੂੰ ਬੜ੍ਹਾਵਾ ਮਿਲਦਾ ਹੈ।

ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਨੇ ਬੀਤੇ ਦਿਨ ਅਲੀਗੜ੍ਹ ਵਿਚ ਇਕ ਮਹਿਲਾ ਜਨਤਕ ਸੁਣਵਾਈ ਦੌਰਾਨ ਕਿਹਾ, ‘‘ਕੁੜੀਆਂ ਫੋਨਾਂ ’ਤੇ ਗੱਲਾਂ ਕਰਦੀਆਂ ਹਨ ਅਤੇ ਬਾਅਦ ਵਿਚ ਮੁੰਡਿਆਂ ਨਾਲ ਭੱਜ ਜਾਂਦੀਆਂ ਹਨ।’’ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਤੋਂ ਮੋਬਾਈਲ ਫੋਨ ਦੂਰ ਰੱਖਣ। ਮੀਨਾ ਕੁਮਾਰੀ ਨੇ ਨਾਲ ਇਹ ਵੀ ਕਿਹਾ ਕਿ ਮਾਪਿਆਂ, ਖ਼ਾਸ ਕਰ ਕੇ ਮਾਵਾਂ ਨੂੰ ਆਪਣੀਆਂ ਧੀਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਮਹਿਲਾਵਾਂ ਖ਼ਿਲਾਫ਼ ਅਪਰਾਧ ’ਚ ਹੋਇਆ ਵਾਧਾ ਉਨ੍ਹਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ।

ਉੱਧਰ, ਰਾਜ ਮਹਿਲਾ ਕਮਿਸ਼ਨ ਨੇ ਮੀਨਾ ਕੁਮਾਰੀ ਦੇ ਇਸ ਬਿਆਨ ਤੋਂ ਦੂਰੀ ਬਣਾਈ ਹੋਈ ਹੈ। ਕਮਿਸ਼ਨ ਦੀ ਉਪ ਚੇਅਰ ਪਰਸਨ ਅੰਜੂ ਚੌਧਰੀ ਨੇ ਇਸ ਬਿਆਨ ਨੂੰ ਗੈਰ-ਵਾਜ਼ਿਬ ਕਰਾਰ ਦਿੱਤਾ ਹੈ। ਇਸੇ ਦੌਰਾਨ ਮੀਨਾ ਕੁਮਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਦਾ ਮਤਲਬ ਸੀ ਕਿ ਪਿੰਡਾਂ ਨਾਲ ਸਬੰਧਤ ਨਾਬਾਲਗ ਬੱਚਿਆਂ ਤੇ ਕੁੜੀਆਂ ਨੂੰ ਇਹ ਨਹੀਂ ਪਤਾ ਕਿ ਫੋਨ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ, ‘‘ਕੁੜੀਆਂ ਫੋਨਾਂ ਦਾ ਇਸਤੇਮਾਲ ਮੁੰਡਿਆਂ ਨੂੰ ਦੋਸਤ ਬਣਾਉਣ ਲਈ ਕਰਦੀਆਂ ਹਨ ਅਤੇ ਬਾਅਦ ਵਿਚ ਉਨ੍ਹਾਂ ਨਾਲ ਭੱਜ ਜਾਂਦੀਆਂ ਹਨ।’’ ਉਨ੍ਹਾਂ ਕਿਹਾ ਕਿ ਸਮਾਰਟ ਫੋਨਾਂ ਦਾ ਇਸਤੇਮਾਲ ਅਣਉਚਿਤ ਚੀਜ਼ਾਂ ਦੇਖਣ ਲਈ ਵੀ ਕੀਤਾ ਜਾਂਦਾ ਹੈ। 

ਮਹਿਲਾ ਕਮਿਸ਼ਨ ਦੀ ਮੈਂਬਰ ਨੇ ਇਸ ਸਬੰਧੀ ਇਕ ਉਦਹਾਰਨ ਦਿੰਦਿਆਂ ਕਿਹਾ ਕਿ ਉਸ ਨੂੰ ਇਸੇ ਤਰ੍ਹਾਂ ਦੀ ਇਕ ਸ਼ਿਕਾਇਤ ਮਿਲੀ ਸੀ ਕਿ ਵੱਖ-ਵੱਖ ਜਾਤੀਆਂ ਨਾਲ ਸਬੰਧਤ ਇਕ ਮੁੰਡਾ ਤੇ ਕੁੜੀ ਹਾਲ ਹੀ ਵਿਚ ਭੱਜ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੋਬਾਈਲ ਫੋਨਾਂ ਦਾ ਗਲਤ ਇਸਤੇਮਾਲ ਤੇਜ਼ੀ ਨਾਲ ਬੱਚਿਆਂ ਨੂੰ ਅਜਿਹੀਆਂ ਸਮਾਜਿਕ ਬੁਰਾਈਆਂ ਵੱਲ ਲੈ ਕੇ ਜਾ ਰਿਹਾ ਹੈ। -ਆਈਏਐੱਨਐੱਸ

LEAVE A REPLY

Please enter your comment!
Please enter your name here