ਟੋਕੀਓ, 20 ਜੁਲਾਈ

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ ਖੇਡ ਅਧਿਕਾਰੀਆਂ ਨੂੰ ਕਿਹਾ ਕਿ ਕੁੱਲ ਆਲਮ ਨੂੰ ਵਿਖਾਉਣਾ ਹੈ ਕਿ ਜਾਪਾਨ ਓਲੰਪਿਕ ਖੇਡਾਂ ਦੀ ਸੁਰੱਖਿਅਤ ਮੇਜ਼ਬਾਨੀ ਕਰ ਸਕਦਾ ਹੈ। ਕਰੋਨਾ ਮਹਾਮਾਰੀ ਦਰਮਿਆਨ ਐਲਾਨੀ ਐਮਰਜੈਂਸੀ ਵਾਲੀ ਸਥਿਤੀ ’ਚ ਹਜ਼ਾਰਾਂ ਖਿਡਾਰੀ, ਅਧਿਕਾਰੀ, ਸਟਾਫ਼ ਤੇ ਮੀਡੀਆ ਕਰਮੀ ਜਪਾਨ ਪਹੁੰਚ ਰਹੇ ਹਨ। ਅਧਿਕਾਰਤ ਤੌਰ ’ਤੇ ਓਲੰਪਿਕ ਖੇਡਾਂ ਸ਼ੁੱਕਰਵਾਰ ਤੋਂ ਸ਼ੁਰੂ ਹੋਣਗੀਆਂ, ਪਰ ਸਾਫ਼ਟਬਾਲ ਤੇ ਮਹਿਲਾ ਫੁਟਬਾਲ ਦੇ ਮੁਕਾਬਲੇ ਭਲਕੇ ਬੁੱਧਵਾਰ ਤੋਂ ਸ਼ੁਰੂ ਹੋ ਜਾਣਗੇ। ਸੁਗਾ ਨੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਕਿਹਾ, ‘‘ਕੁੱਲ ਆਲਮ ਵੱਡੀਆਂ ਸਮੱਸਿਆਵਾਂ ਨਾਲ ਘਿਰਿਆ ਹੈ, ਅਜਿਹੇ ਵਿੱਚ ਸਾਨੂੰ ਓਲੰਪਿਕ ਦੀ ਸਫ਼ਲ ਮੇਜ਼ਬਾਨੀ ਕਰਨੀ ਹੈ।’ ਉਨ੍ਹਾਂ ਕਿਹਾ, ‘‘ਜਾਪਾਨ ਨੇ ਦੁਨੀਆ ਨੂੰ ਵਿਖਾਉਣਾ ਹੈ। ਅਸੀਂ ਜਾਪਾਨ ਦੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਾਂਗੇ।’’ ਸੁਗਾ ਨੇ ਮੰਨਿਆ ਕਿ ਓਲੰਪਿਕ ਤੱਕ ਦੇ ਜਾਪਾਨ ਦੇ ਸਫ਼ਰ ਦੀ ਰਫ਼ਤਾਰ ਕਈ ਵਾਰੀ ਮੰਦੀ ਪਈ, ਪਰ ਟੀਕਾਕਰਨ ਦੀ ਸ਼ੁਰੂਆਤ ਮਗਰੋਂ ਲੰਮੀ ਉਡੀਕ ਖ਼ਤਮ ਹੁੰਦੀ ਦਿਸ ਰਹੀ ਹੈ। ਕਰੋਨਾ ਮਹਾਮਾਰੀ ਨਾਲ ਨਜਿੱਠਣ ਵਿੱਚ ਸਰਕਾਰ ਦੇ ਢਿੱਲੇ ਰਵੱਈੲੇ ਕਰਕੇ ਨੁਕਤਾਚੀਨੀ ਝੱਲ ਰਹੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਓਲੰਪਿਕ ਖੇਡਾਂ ਫੈਸਲਾਕੁਨ ਮੋੜ ਹੈ ਤੇ ਲੰਮੀ ਸੁਰੰਗ ਮਗਰੋਂ ਬਾਹਰ ਨਿਕਲਣ ਦਾ ਰਾਹ ਨਜ਼ਰ ਆ ਰਿਹਾ ਹੈ। ਸੁਗਾ ਨੇ ਕਿਹਾ ਕਿ ਜਾਪਾਨ ਦੇ ਲੋਕਾਂ ਤੇ ਵਿਸ਼ਵ ਭਰ ਤੋਂ ਆਏ ਮਹਿਮਾਨਾਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ। ਇਸ ਦੌਰਾਨ ਮੀਟਿੰਗ ਵਿੱਚ ਮੌਜੂਦ ਆਈਓਸੀ ਦੇ ਮੁਖੀ ਥੌਮਸ ਬਾਕ ਨੇ ਕਿਹਾ ਕਿ ਉਨ੍ਹਾਂ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਕਰਵਾਉਣ ਲਈ ਟੋਕੀਓ ਪ੍ਰਬੰਧਕਾਂ ਨੂੰ 1.7 ਅਰਬ ਡਾਲਰ ਦਿੱਤੇ ਹਨ। -ਪੀਟੀਆਈ 

ਟੋਕੀਓ ਓਲੰਪਿਕ ਮਾਨਵਤਾ ਦਾ ਭਵਿੱਖ ’ਤੇ ਭਰੋਸਾ ਬਹਾਲ ਕਰਨਗੇ: ਬਾਕ

ਟੋਕੀਓ: ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਮੁੱਖ ਥੌਮਸ ਬਾਕ ਨੇ ਅੱਜ ਕਿਹਾ ਕਿ ਕਰੋਨਾ ਮਹਾਮਾਰੀ ਦਰਮਿਆਨ ਟੋਕੀਓ ਓਲੰਪਿਕ ਮਾਨਵਤਾ ਦਾ ਭਵਿੱਖ ਵਿੱਚ ਭਰੋਸਾ ਬਹਾਲ ਕਰਨਗੇ। ਆਈਓਸੀ ਦੇ ਇਜਲਾਸ ਦੀ ਸ਼ੁਰੂਆਤ ਮੌਕੇ ਬਾਕ ਨੇ ਕਿਹਾ ਕਿ ਓਲੰਪਿਕ ਦਾ ਮੰਚ ਤਿਆਰ ਹੈ ਜਿਸ ਜ਼ਰੀਏ ਖਿਡਾਰੀ ਆਪਣੀ ਰੌਣਕ ਬਿਖੇਰ ਕੇ ਕੁੱਲ ਆਲਮ ਨੂੰ ਪ੍ਰੇਰਿਤ ਕਰਨਗੇ।  ਓਆਈਸੀ ਇਜਲਾਸ ਦੇ ਉਦਘਾਟਨ ਤੋਂ ਪਹਿਲਾਂ ਕਰੋਨਾ ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। -ੲੇਪੀ  

LEAVE A REPLY

Please enter your comment!
Please enter your name here