ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਉਹ ਆਪਣੇ ਜਿਊਂਦੇ ਜੀਅ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਨਹੀਂ ਸੋਚ ਸਕਦੇ। ਉਨ੍ਹਾਂ ਕਿਹਾ ਕਿ ਜਿਤਿਨ ਪ੍ਰਸਾਦ ਦਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਸਿਆਸੀ ‘ਪ੍ਰਸ਼ਾਦ’ ਜਾਂ ਨਿੱਜੀ ਲਾਹੇ ਦੀ ਤਰਜਮਾਨੀ ਕਰਦਾ ਹੈ। ਚੇਤੇ ਰਹੇ ਕਿ ਸਿੱਬਲ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਜਿਤਿਨ ਪ੍ਰਸਾਦ ਉਨ੍ਹਾਂ 23 ਆਗੂਆਂ ਦੇ ਸਮੂਹ ਵਿੱਚ ਸ਼ਾਮਲ ਸਨ, ਜਿਨ੍ਹਾਂ ਪਿਛਲੇ ਸਾਲ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖ ਕੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦੀ ਮੰਗ ਕੀਤੀ ਸੀ। ਸਿੱਬਲ ਨੇ ਕਿਹਾ ਕਿ ਜੇ ਕਿਤੇ ਉਨ੍ਹਾਂ ਦੀ ਪਾਰਟੀ ਨੂੰ ਇਹ ਲਗਦਾ ਹੈ ਕਿ ਉਹ ਹੁਣ ‘ਕਿਸੇ ਕੰਮ ਦੇ ਨਹੀਂ ਰਹੇ’ ਜਾਂ ਪਾਰਟੀ ਨੂੰ ਉਨ੍ਹਾਂ ਦਾ ਕੋਈ ਫਾਇਦਾ ਨਹੀਂ, ਤਾਂ ਉਹ ਖ਼ੁਦ ਹੀ ਲਾਂਭੇ ਹੋਣ ਬਾਰੇ ਸੋਚ ਸਕਦੇ ਹਨ, ਪਰ ਉਹ ਕਦੇ ਵੀ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਇਹ ਸ਼ਾਇਦ ‘ਉਨ੍ਹਾਂ ਦੇ ਜਿਊਂਦੇ ਜੀਅ ਸੰਭਵ ਨਾ ਹੋਵੇ।’ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਸਿੱਬਲ ਨੇ ਕਿਹਾ ਕਿ ਜਿਤਿਨ ਪ੍ਰਸਾਦ ਸ਼ਾਇਦ ਉਪਰੋਕਤ ਪੱਤਰ ਨੂੰ ਲੈ ਕੇ ਪਾਰਟੀ ਹਾਈ ਕਮਾਨ ਦੇ ਜਵਾਬ ਤੋਂ ਨਾਖੁਸ਼ ਹੋਣ, ਪਾਰਟੀ ਛੱਡ ਕੇ ਜਾਣਾ ਉਨ੍ਹਾਂ ਦੀ ਨਿੱਜੀ ਚੋਣ ਹੋ ਸਕਦੀ ਹੈ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਿਉਂ ਕੀਤਾ। ਸਿੱਬਲ ਨੇ ਕਿਹਾ ਕਿ ਉਹ ਜਿੰਨਾ ਚਿਰ ਕਾਂਗਰਸ ਵਿੱਚ ਹਨ, ਉਹ 22 ਜਣੇ ਤੇ ਕਈ ਹੋਰ, ਜੋ ਉਪਰੋਕਤ ਪੱਤਰ ’ਤੇ ਸਹੀ ਪਾਉਣ ਵਾਲਿਆਂ ’ਚ ਸ਼ੁਮਾਰ ਨਹੀਂ ਸਨ, ਕਾਂਗਰਸ ਨੂੰ ਮਜ਼ਬੂਤ ਕਰਨ ਲਈ ਆਪਣੀ ਆਵਾਜ਼ ਉਠਾਉਂਦੇ ਰਹਿਣਗੇ। -ਪੀਟੀਆਈ

LEAVE A REPLY

Please enter your comment!
Please enter your name here